ਫਗਵਾੜਾ :- (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਵਲੋਂ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਵਲੋਂ ਸਥਾਨਕ ਜੀਟੀ ਰੋਡ ਮੌਲੀ ਗੇਟ ਨਜਦੀਕ ਜਮਾਲਪੁਰ ਵਿਖੇ ਲਗਾਏ ਲੰਗਰ ਦੌਰਾਨ ਦਿੱਲੀ ਦੇ ਸਿੰਘੁ ਬਾਰਡਰ ਵਿਖੇ ਮੋਰਚਾ ਲਗਾ ਕੇ ਬੈਠੇ ਕਿਸਾਨਾ ਦੀ ਸਹੂਲਤ ਲਈ ਟੋਪੀਆਂ, ਮਫਲਰ, ਦਸਤਾਨੇ, ਗੋਡੇ ਅਤੇ ਜੁਰਾਬਾਂ ਆਦਿ ਗਰਮ ਸਮੱਗਰੀ ਭੇਜੀ ਗਈ। ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਜਨਵਰੀ ਮਹੀਨੇ ਦੀ ਹੱਡ ਕੰਬਾਊ ਠੰਡ ਵਿਚ ਸਿੰਘੁ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾ ਪ੍ਰਤੀ ਮੋਦੀ ਸਰਕਾਰ ਦਾ ਨਾਹ ਪੱਖੀ ਅਤੇ ਰੁੱਖਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਮੋਰਚੇ ਵਿਚ ਸ਼ਾਮਲ ਬਜੁਰਗ, ਔਰਤਾਂ ਅਤੇ ਬੱਚਿਆਂ ਨੂੰ ਠੰਡ ਤੋਂ ਰਾਹਤ ਦੇਣ ਦੇ ਮਕਸਦ ਨਾਲ ਯੂਥ ਕਾਂਗਰਸ ਜਿਲ੍ਹਾ ਕਪੂਰਥਲਾ ਵਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿਚ ਸਾਬਕਾ ਕੌਂਸਲਰ ਬੰਟੀ ਵਾਲੀਆ ਅਤੇ ਸਮਾਜ ਸੇਵਕ ਪਰਮਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਹਨਾਂ ਮੋਦੀ ਸਰਕਾਰ ਨੂੰ ਤਾੜਨਾ ਕਰਦਿਆਂ ਸੌਰਵ ਖੁੱਲਰ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਲੱਖਾਂ ਕਿਸਾਨਾ ਵਲੋਂ ਆਯੋਜਿਤ ਕੀਤੀ ਜਾ ਰਹੀ ਟਰੈਕਟਰ ਪਰੇਡ ਤਾਨਾਸ਼ਾਹੀ ਮੋਦੀ ਸਰਕਾਰ ਦੇ ਤਖ਼ਤ ਨੂੰ ਹਿਲਾ ਕੇ ਰੱਖ ਦੇਵੇਗੀ ਅਤੇ ਕਿਸਾਨਾ ਦੀ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਦੇ ਅੱਗੇ ਝੁਕਦੇ ਹੋਏ ਜਾਲਿਮ ਸਰਕਾਰ ਨੂੰ ਬੇਸ਼ਕ ਮਜਬੂਰੀ ਵਿਚ ਹੀ ਸਹੀ ਪਰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਹੀ ਪਵੇਗਾ।