ਫਗਵਾੜਾ 28 ਅਗਸਤ (ਸ਼ਿਵ ਕੋੜਾ) ਯੂਥ ਕਾਂਗਰਸ ਵਲੋਂ ਜਿਲ੍ਹਾ ਕਪੂਰਥਲਾ ਦੇ ਨਵ-ਨਿਯੁਕਤ ਕਾਰਜਕਾਰੀ ਜਿਲ੍ਹਾ ਯੂਥ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਨੇ ਅੱਜ ਸੈਂਕੜੇ ਯੂਥ ਵਰਕਰਾਂ ਦੇ ਨਾਲ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਕਿਸਾਨ ਤੇ ਮਜਦੂਰ ਵਿਰੋਧੀ ਕਾਨੂੰਨਾ ਤੋਂ ਇਲਾਵਾ ਨਿਜੀਕਰਣ ਦੇ ਨਾਮ ‘ਤੇ ਦੇਸ਼ ਨੂੰ ਵੇਚਣ ਦਾ ਦੋਸ਼ ਲਾਉਂਦੇ ਹੋਏ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਸਕੱਤਰ ਬੰਟੀ ਸੈਲਕੇ ਅਤੇ ਮੁਕੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਯੂਥ ਵਰਕਰਾਂ ਦੇ ਪ੍ਰਦਰਸ਼ਨ ਵਿਚ ਹੁਮਹੁਮਾ ਕੇ ਸ਼ਮੂਲੀਅਤ ਕੀਤੀ। ਜਿਹਨਾਂ ‘ਚ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਜਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਬਲਾਕ ਫਗਵਾੜਾ ਦਿਹਾਤੀ, ਸਤਬੀਰ ਸਿੰਘ ਸਾਬੀ ਵਾਲੀਆ, ਅਵਤਾਰ ਸਿੰਘ ਪੰਡਵਾ, ਦਲਜੀਤ ਨਡਾਲਾ ਉਚੇਰੇ ਤੌਰ ਤੇ ਸ਼ਾਮਲ ਰਹੇ। ਹਜਾਰਾਂ ਯੂਥ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਤੇ ਹੋਰਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ, ਵੱਧਦੀ ਬੇਰੁਜਗਾਰੀ, ਜਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਹੋਰ ਲੋਕ ਵਿਰੋਧੀ ਨੀਤੀਆਂ ਤੋਂ ਬਾਅਦ ਮੋਦੀ ਸਰਕਾਰ ਨੇ ਹੁਣ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਐਮਐਮਪੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਇਕੋ ਇਕ ਮੰਤਵ ਸਰਕਾਰ ਦੀਆਂ ਕੀਮਤੀ ਸੰਪਤੀਆਂ ਨੂੰ ਆਪਣੇ ਪਸੰਦੀਦਾ ਉਦਯੋਗਿਕ ਘਰਾਣਿਆਂ ਨੂੰ ਵੇਚਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੈਕਸ ਦੇਣ ਵਾਲਿਆਂ ਦੇ ਪੈਸੇ ਦੇ ਸਰੋਤਾਂ ਦੀ ਖੁੱਲੀ ਲੁੱਟ ਹੈ ਅਤੇ ਕਾਂਗਰਸ ਪਾਰਟੀ ਕਿਸੇ ਵੀ ਕੀਮਤ ‘ਤੇ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਯੂਥ ਕਾਂਗਰਸ ਇਸ ਰਾਸ਼ਟਰ ਵਿਰੋਧੀ ਕਦਮ ਦੀ ਸਖਤ ਵਿਰੋਧੀ ਹੈ ਅਤੇ ਮੋਦੀ ਸਰਕਾਰ ਨੂੰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸੈਂਕੜੇ ਯੂਥ ਵਰਕਰ ਸਥਾਨਕ ਰੈਸਟ ਹਾਊਸ ਵਿਖੇ ਇਕੱਠੇ ਹੋਏ ਜਿੱਥੋਂ ਉਨ੍ਹਾਂ ਨੇ ਕੇਂਦਰੀ ਮੰਤਰੀ ਦੀ ਰਿਹਾਇਸ਼ ਅਰਬਨ ਅਸਟੇਟ ਵੱਲ ਰੋਸ ਮਾਰਚ ਕੀਤਾ। ਕਾਂਗਰਸੀਆਂ ਦੇ ਜੱਥੇ ਨੂੰ ਪੁਲਿਸ ਵਲੋਂ ਕੇਂਦਰੀ ਮੰਤਰੀ ਦੀ ਕੋਠੀ ਤੋਂ ਦੂਰ ਬੈਰੀਕੇਟਿੰਗ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜੋਸ਼ ਵਿਚ ਆਏ ਯੂਥ ਵਰਕਰਾਂ ਨੇ ਬੈਰੀਕੇਟਿੰਗ ਤੋੜ ਕੇ ਅੱਗੇ ਵੱਧਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਥੋੜਾ ਤਨਾਅ ਅਤੇ ਧੱਕਾ ਮੁੱਕੀ ਵੀ ਹੋਈ। ਅਖੀਰ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੋਮ ਪ੍ਰਕਾਸ਼ ਕੈਂਥ ਦਾ ਪੁਤਲਾ ਫੂਕਿਆ ਗਿਆ। ਮੋਦੀ ਅਤੇ ਸੋਮ ਪ੍ਰਕਾਸ਼ ਨੂੰ ਦੇਣ ਲਈ ਯੂਥ ਵਰਕਰਾਂ ਨੇ ਪ੍ਰਸ਼ਾਸਨ ਨੂੰ ਚੂੜੀਆਂ ਵੀ ਦਿੱਤੀਆਂ। ਹਰਜੀ ਮਾਨ ਨੇ ਕਿਹਾ ਕਿ ਯੂਥ ਕਾਂਗਰਸ ਮੋਦੀ ਸਰਕਾਰ ਦੀਆਂ ਜਿਆਦਤੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਆਉਂਦੇ ਦਿਨਾਂ ਵਿਚ ਹੋਰ ਵੀ ਜੋਸ਼ੀਲੇ ਅੰਦਾਜ਼ ‘ਚ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਕਰਨ ਮਹਾਜਨ ਯੂਥ ਪ੍ਰਧਾਨ ਕਪੂਰਥਲਾ, ਸੁਰਜੀਤ ਖੇੜਾ, ਸੁਖਵਿੰਦਰ ਸਿੰਘ ਖੇੜਾ, ਰਵਿੰਦਰ ਸਿੰਘ ਪੀ.ਏ., ਨਵਜਿੰਦਰ ਸਿੰਘ ਬਾਹੀਆ, ਸਤਨਾਮ ਸਿੰਘ ਸ਼ਾਮਾ, ਵਰੁਣ ਬੰਗੜ ਚੱਕ ਹਕੀਮ, ਗੋਪੀ ਬੇਦੀ ਨੰਬਰਦਾਰ, ਮਨਜੋਤ ਸਿੰਘ ਭਗਤਪੁਰਾ, ਸਾਬੀ ਗਿਰਨ, ਨਵੀਨ ਬੰਗੜ ਚੱਕ ਹਕੀਮ, ਸਾਬੀ ਅਠੌਲੀ, ਅਮਰਜੀਤ ਸਰਪੰਚ ਪਾਂਛਟ, ਦਿਲਬਾਗ ਸਿੰਘ ਮਲਕਪੁਰ, ਧਰਮਿੰਦਰ ਸਰਪੰਚ ਠੱਕਰਕੀ ਤੋਂ ਇਲਾਵਾ ਸੈਂਕੜੇ ਯੂਥ ਕਾਂਗਰਸੀ ਵਰਕਰ ਹਾਜਰ ਸਨ।