ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੰਚਾਇਤ ਪ੍ਰਧਾਨਾਂ ਲਈ ਹੋਈਆਂ ਚੋਣ ‘ਚ ਭਾਰਤੀ ਜਨਤਾ ਪਾਰਟੀ ਨੂੰ 75 ਵਿਚੋਂ ਰਿਕਾਰਡ 67 ਸੀਟਾਂ ‘ਤੇ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਦੀ ਨੁਕਤਾਚੀਨੀ ਕਰਨ ਵਾਲਿਆਂ ਦੇ ਮੂੰਹ ਤੇ ਇਸ ਸ਼ਾਨਦਾਰ ਜਿੱਤ ਨੇ ਤਾਲੇ ਲਗਾ ਦਿੱਤੇ ਹਨ। ਮੋਦੀ-ਯੋਗੀ ਦੀ ਜੋੜੀ ਨੇ ਵਿਰੋਧੀਆਂ ਨੂੰ ਆਪਣਾ ਦਮ ਦਿਖਾ ਦਿੱਤਾ ਹੈ। ਦੇਸ਼ ਦਾ ਹਰ ਵਰਗ ਅੱਜ ਭਾਜਪਾ ਦੇ ਨਾਲ ਹੈ। ਪੰਜਾਬ ਵਿਚ ਵੀ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਭਾਜਪਾ ਦਾ ਝੰਡਾ ਲਹਿਰਾਏਗਾ ਅਤੇ ਪਹਿਲੀ ਵਾਰ ਇੱਕਲਿਆਂ ਚੋਣ ਲੜਕੇ ਜਿੱਤ ਦਾ ਨਵਾਂ ਰਿਕਾਰਡ ਭਾਰਤੀ ਜਨਤਾ ਪਾਰਟੀ ਕਾਇਮ ਕਰੇਗੀ। ਉਹਨਾਂ ਕਿਹਾ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਸਿਰਫ ਭਾਜਪਾ ਹੀ ਉਹ ਪਾਰਟੀ ਹੈ ਜੋ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦਾ ਦਮ ਰੱਖਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ‘ਚ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਇੱਥੋਂ ਤੱਕ ਕੇ ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ ਜਿਸਦੀ ਸਜਾ ਜਨਤਾ ਤਾਂ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਦੇਵੇਗੀ ਹੀ ਪਰ ਪਰਮਾਤਮਾ ਵੀ ਮਾਫ ਨਹੀਂ ਕਰੇਗਾ। ਸਾਬਕਾ ਮੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ। ਇਸੇ ਲਈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮੁਫਤਖੌਰੀ ਦੇ ਝੂਠੇ ਸੁਪਨੇ ਦਿਖਾਉਣ ਲਈ ਪੰਜਾਬ ਆਉਣਾ ਪੈ ਰਿਹਾ ਹੈ। ਅਕਾਲੀਆਂ ਨੇ ਭਾਜਪਾ ਨਾਲ ਗਠਜੋੜ ਖਤਮ ਕਰਕੇ ਬਹੁਤ ਵੱਡੀ ਸਿਆਸੀ ਭੁੱਲ ਕੀਤੀ ਹੈ ਜਿਸਦਾ ਅਹਿਸਾਸ ਅਗਲੇ ਸਾਲ ਦੀਆਂ ਪੰਜਾਬ ਵਿਧਾਨਸਭਾ ਦੇ ਚੋਣ ਨਤੀਜਿਆਂ ਵਿਚ ਅਕਾਲੀ ਦਲ ਨੂੰ ਹੋਵੇਗਾ।