ਫਗਵਾੜਾ 2 ਅਕਤੂਬਰ (ਸ਼ਿਵ ਕੋੜਾ) ਯੂ.ਪੀ. ਦੇ ਹਾਥਰਸ ‘ਚ ਦਲਿਤ ਪਰਿਵਾਰ ਨਾਲ ਸਬੰਧਤ ਮਨੀਸ਼ਾ ਨਾਂ ਦੀ ਲੜਕੀ ਨਾਲ ਵਾਪਰੇ ਸਮੂਹਿਕ ਜਬਰ ਜਿਨਾਹ ਅਤੇ ਗੈਰ ਮਨੁੰਖੀ ਤਸੀਹਿਆਂ ਦੇ ਚਲਦੇ ਹੋਈ ਮੌਤ ਤੋਂ ਬਾਅਦ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਢੇਰਾ ਗਾਂਧੀ ਨੂੰ ਯੂਪੀ ਪੁਲਿਸ ਵਲੋਂ ਗਿਰਫਤਾਰ ਕੀਤੇ ਜਾਣ ਦੇ ਵਿਰੋਧ ਵਿਚ ਫਗਵਾੜਾ ਦੇ ਹਦੀਆਬਾਦ ਵਿਖੇ ਕਾਂਗਰਸ ਪਾਰਟੀ ਵਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਜਿਲਾ ਕੋਆਰਡੀਨੇਟਰ ਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਮੋਦੀ-ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਤੇ ਯੂ.ਪੀ. ਸਰਕਾਰ ਵਿਰੋਧੀ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਰਾਸ਼ਟਰਪਤੀ ਦੇ ਨਾਮ ਤਹਿਸੀਲਦਾਰ ਨਵਦੀਪ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਹਾਥਰਸ ਜਾਣ ਤੋਂ ਰੋਕ ਕੇ ਯੂਪੀ ਪੁਲਿਸ ਨੇ ਸਰਕਾਰ ਦੇ ਇਸ਼ਾਰੇ ਤੇ ਲੋਕਤੰਤਰ ਦਾ ਕਤਲ ਕੀਤਾ ਹੈ। ਯੂਪੀ ਦੀ ਕਾਨੂੰਨ ਵਿਵਸਥਾ ਬੱਦਤਰ ਹੋ ਚੁੱਕੀ ਹੈ। ਸਟੇਟ ਵਿਚ ਦਲਿਤਾਂ ਉਪਰ ਅਤਿਆਚਾਰ ਅਤੇ ਅਰਾਜਕਤਾ ਦਾ ਆਲਮ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਯੂ.ਪੀ. ਸਰਕਾਰ ਅਤੇ ਡੀ.ਜੀ. ਪ੍ਰਭਾਤ ਕੁਮਾਰ ਨੂੰ ਪੂਰੀ ਟੀਮ ਸਮੇਤ ਬਰਖਾਸਤ ਕੀਤਾ ਜਾਵੇ। ਮਾਮਲੇ ‘ਚ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਰਤੀ ਸੰਵੇਦਨਹੀਣਤਾ ਨੂੰ ਦੇਖਦੇ ਹੋਏ ਸੀ.ਬੀ.ਆਈ. ਜਾਂਚ ਕਰਵਾ ਕੇ ਪਰਿਵਾਰ ਨੂੰ ਨਿਆ ਦਿੱਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਜਬਰ ਜਿਨਾਹ ਕਰਨ ਵਾਲੇ ਦੋਸ਼ੀਆਂ ਨੂੰ ਫਾਸਟ ਟਰੈਕ ਕੋਰਟ ਵਿਚ ਕੇਸ ਚਲਾ ਕੇ ਫਾਂਸੀ ਦੀ ਸਜਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਸੀਨੀਅਰ ਆਗੂ ਸੁਖਵਿੰਦਰ ਬਿੱਲੂ ਖੇੜਾ, ਕ੍ਰਿਸ਼ਨ ਕੁਮਾਰ ਹੀਰੋ, ਸਤੀਸ਼ ਸਲਹੋਤਰਾ, ਧਰਮਵੀਰ ਸੇਠੀ, ਤੁਲਸੀ ਰਾਮ ਖੋਸਲਾ, ਸਤਪਾਲ ਮੱਟੂ, ਮਨੀਸ਼ ਚੌਧਰੀ, ਕੇ.ਕੇ. ਸ਼ਰਮਾ, ਰਾਮ ਕੁਮਾਰ ਚੱਢਾ, ਹਰੀਸ਼ ਟੀਨੂੰ, ਹਰਪ੍ਰੀਤ ਸਿੰਘ ਸੋਨੂੰ, ਰਾਜੂ ਪੰਚ ਭੁੱਲਾਰਾਈ, ਸੁਰਿੰਦਰ ਪੱਪੀ, ਆਸ਼ੂ ਮਸਤ ਨਗਰ, ਹੁਕਮ ਸਿੰਘ ਮੇਹਟ, ਬਲਵੀਰ ਸਿੰਘ ਨੰਬਰਦਾਰ, ਬਲਬੀਰ ਜੱਖੂ, ਜਸਪਿੰਦਰ ਕਾਂਸ਼ੀ ਨਗਰ, ਰਾਮ ਆਸਰਾ ਚੱਕ ਪ੍ਰੇਮਾ, ਸਾਧੂ ਰਾਮ ਪੀਪਾਰੰਗੀ, ਸਰਬਰ ਸੱਬਾ, ਅਸ਼ਵਨੀ ਬਘਾਣੀਆ, ਦਰਸ਼ੀ ਉੱਚਾ ਪਿੰਡ, ਮਨਜੋਤ ਸਿੰਘ ਅਤੇ ਅਸ਼ੋਕ ਸਲਹੋਤਰਾ ਆਦਿ ਹਾਜਰ ਸਨ।