ਫਗਵਾੜਾ 19 ਜਨਵਰੀ (ਸ਼ਿਵ ਕੋੜਾ) ਫਗਵਾੜਾ ਕਾਰਪੋਰੇਸ਼ਨ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਅਬਜਰਵਰ ਅਤੇ ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰ. ਪਰਗਟ ਸਿੰਘ ਦਾ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਪੁੱਜਣ ‘ਤੇ ਪਾਰਟੀ ਵਰਕਰਾਂ ਵਲੋਂ ਸ੍ਰ. ਮਾਨ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਹਨਾਂ ਸੀਨੀਅਰ ਕਾਂਗਰਸੀ ਆਗੂ ਸ੍ਰ. ਹਰਜੀਤ ਸਿੰਘ ਪਰਮਾਰ ਦੇ ਗ੍ਰਹਿ ਵਿਖੇ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਆਦਿ ਨਾਲ ਮੀਟਿੰਗ ਕਰਕੇ ਕਾਰਪੋਰੇਸ਼ਨ ਚੋਣਾਂ ਸਬੰਧੀ ਚਰਚਾ ਕੀਤੀ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪਰਗਟ ਸਿੰਘ ਨੇ ਕਿਹਾ ਕਿ ਪਾਰਟੀ ਦੀ ਸਪਸ਼ਟ ਨੀਤੀ ਹੈ ਕਿ ਪੈਸੇ ਵਾਲੇ ਜਾਂ ਸਿਫਾਰਸ਼ੀ ਉਮੀਦਵਾਰ ਦੀ ਬਜਾਏ ਚੋਣ ਜਿੱਤਣ ਦੀ ਸਮਰਥਾ ਰੱਖਣ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ। ਹਰ ਉਮੀਦਵਾਰ ਬਾਰੇ ਪਾਰਟੀ ਵਲੋਂ ਸ੍ਰ. ਲਾਲ ਸਿੰਘ ਦੀ ਚੇਅਰਮੈਨਸ਼ਿਪ ਹੇਠ ਗਠਿਤ ਸੂਬਾ ਚੋਣ ਕਮੇਟੀ ਡੁੰਘਾਈ ਨਾਲ ਵਿਚਾਰ ਕਰੇਗੀ। ਉਹਨਾਂ ਦੱਸਿਆ ਕਿ ਪਿਛਲੀਆਂ 2014 ਦੀਆਂ ਕਾਰਪੋਰੇਸ਼ਨ ਚੋਣਾਂ ਵਿਚ ਜੋ ਉਮੀਦਵਾਰ ਬਹੁਤ ਘੱਟ ਅੰਤਰ ਨਾਲ ਚੋਣ ਹਾਰੇ ਸਨ ਉਹਨਾਂ ਦੀ ਦਾਅਵੇਦਾਰੀ ਨੂੰ ਪਹਿਲ ਦਿੱਤੀ ਜਾਵੇਗੀ। ਉਮੀਦਵਾਰੀ ਤੈਅ ਕਰਦੇ ਸਮੇਂ ਕਾਂਗਰਸ ਪਾਰਟੀ ਦੇ ਸਾਰੇ ਹੀ ਸੈਲਾਂ ਜਿਵੇਂ, ਐਸ.ਸੀ. ਸੈਲ, ਬੀ.ਸੀ. ਸੈਲ, ਮਹਿਲਾ ਕਾਂਗਰਸ, ਯੂਥ ਕਾਂਗਰਸ ਆਦਿ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਚੋਣ ਲਈ ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਵਿਸ਼ਵਾਸ ਵਿਚ ਲੈ ਕੇ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਣਗੇ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਰਕਰ ਨਗਰ ਨਿਗਮ ਫਗਵਾੜਾ ਦੇ ਕਿਸੇ ਵੀ ਵਾਰਡ ਤੋਂ ਚੋਣ ਲੜਨ ਦੀ ਇੱਛਾ ਰਖਦੇ ਹਨ ਉਹ 12 ਜਨਵਰੀ ਤੋਂ ਪਹਿਲਾਂ ਆਪਣੀਆਂ ਅਰਜੀਆਂ ਪੂਰੇ ਬਾਇਓਡਾਟਾ ਦੇ ਨਾਲ ਦੇ ਸਕਦੇ ਹਨ ਤਾਂ ਜੋ ਸਮਾਂ ਰਹਿੰਦੇ ਅਬਜਰਵਰ ਰਾਹÄ ਅਰਜੀਆਂ ਚੋਣ ਕਮੇਟੀ ਤੱਕ ਜਮਾ ਕਰਵਾ ਕੇ ਯੋਗ ਉਮੀਦਵਾਰ ਦੀ ਚੋਣ ਕੀਤੀ ਜਾ ਸਕੇ। ਉਹਨਾਂ ਸਮੂਹ ਕਾਂਗਰਸ ਵਰਕਰਾਂ ਨੂੰ ਕਾਰਪੋਰੇਸ਼ਨ ਚੋਣਾਂ ਲਈ ਕਮਰ ਕੱਸੇ ਕਰਕੇ ਆਪੋ ਆਪਣੇ ਵਾਰਡ ਵਿਚ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਫਗਵਾੜਾ ਦੇ ਕੁੱਲ 50 ਵਾਰਡਾਂ ਵਿਚ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਰਾਮ ਕੁਮਾਰ ਚੱਢਾ, ਅਵਤਾਰ ਸਿੰਘ ਸਰਪੰਚ ਪੰਡਵਾ, ਪੱਪੀ ਪਰਮਾਰ, ਨਵਜਿੰਦਰ ਸਿੰਘ ਬਾਹੀਆ, ਵਰੁਣ ਚੱਕ ਹਕੀਮ, ਸਤੀਸ਼ ਸਲਹੋਤਰਾ, ਧਰਮਵੀਰ ਸੇਠੀ, ਧਰਮਿੰਦਰ ਸਿੰਘ ਸਰਪੰਚ ਠੱਕਰਕੀ, ਤਰਲੋਚਨ ਸਿੰਘ ਭਾਖੜੀਆਣਾ ਆਦਿ ਹਾਜਰ ਸਨ।