ਫਗਵਾੜਾ 16 ਜੂਨ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਸ੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਕੀਤੀ ਟਿੱਪਣੀ ਨੂੰ ਸਖਤ ਇਤਰਾਜ ਪ੍ਰਗਟ ਕਰਦਿਆਂ ਐਮ.ਪੀ. ਰਵਨੀਤ ਬਿੱਟੂ ਦੇ ਬਿਆਨ ਨੂੰ ਦਲਿਤ ਵਿਰੋਧੀ ਦੱਸਿਆ ਹੈ। ਉਹਨਾਂ ਅੱਜ ਇੱਥੇ ਗੱਲਬਾਤ ਦੌਰਾਨ ਰਵਨੀਤ ਬਿੱਟੂ ਦੇ ਬਿਆਨ ਦੀ ਸਖਤ ਨਖੇਦੀ ਕਰਦਿਆਂ ਐਸ.ਸੀ./ਐਸ.ਟੀ. ਐਕਟ ਅਧੀਨ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ। ਰਵਨੀਤ ਬਿੱਟੂ ਦੇ ਬਿਆਨ ਨੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜਾਤੀ-ਧਰਮ ਨੂੰ ਲੈ ਕੇ ਭੇਦਭਾਵ ਦੀ ਕੋਈ ਜਗ੍ਹਾ ਨਹੀਂ ਹੈ। ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦਲਿਤਾਂ ਲਈ ਵੀ ਓਨੇ ਹੀ ਸਤਿਕਾਰ ਯੋਗ ਹਨ ਜਿੰਨੇ ਕਿ ਸਿੱਖਾਂ ਲਈ ਇਸ ਕਰਕੇ ਇਹਨਾਂ ਵਿਧਾਨਸਭਾ ਸੀਟਾਂ ਤੋਂ ਬਸਪਾ ਉਮੀਦਵਾਰਾਂ ਦੇ ਚੋਣ ਲੜਨ ਨਾਲ ਅਸਥਾਨ ਦੀ ਪਵਿੱਤਰਾ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋ ਸਕਦਾ। ਜੇਕਰ ਰਵਨੀਤ ਬਿੱਟੂ ਨੂੰ ਅਜਿਹਾ ਕੁੱਝ ਲਗਦਾ ਹੈ ਤਾਂ ਇਸ ਤੋਂ ਸਾਫ ਹੈ ਕਿ ਉਸਦੇ ਦਿਮਾਗ ਵਿਚ ਵੀ ਦਲਿਤ ਭਾਈਚਾਰੇ ਪ੍ਰਤੀ ਗੰਦਗੀ ਭਰੀ ਹੋਈ ਹੈ। ਗੁਰੂ ਸਾਹਿਬਾਨ ਉਸਨੂੰ ਇਸ ਹਿਮਾਕਤ ਲਈ ਕਦੇ ਮਾਫ ਨਹੀਂ ਕਰਨਗੇ ਤੇ ਇਹਨਾਂ ਵਿਧਾਨਸਭਾ ਹਲਕਿਆਂ ਦੇ ਵੋਟਰ ਵੀ ਆਪਣੀ ਵੋਟ ਦੀ ਤਾਕਤ ਨਾਲ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਰਵਨੀਤ ਬਿੱਟੂ ਨੂੰ ਢੁਕਵਾਂ ਜਵਾਬ ਦਿੰਦੇ ਹੋਏ ਕਾਂਗਰਸੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਾਉਣਗੇ। ਉਹਨਾਂ ਦਾਅਵੇ ਨਾਲ ਕਿਹਾ ਕਿ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਵਿਧਾਨਸਭਾ ਸੀਟਾਂ ਤੋਂ ਅਕਾਲੀ-ਬਸਪਾ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।