ਫਗਵਾੜਾ 3 ਅਕਤੂਬਰ (ਸ਼ਿਵ ਕੋੜਾ) ਸਥਾਨਕ ਰਾਜਾ ਗਾਰਡਨ ਕਲੋਨੀ ਦੇ ਵਸਨੀਕਾਂ ਨੇ ਕਲੋਨੀ ਵਿਖੇ ਅਧੂਰੇ ਪਏ ਵਿਕਾਸ ਦੇ ਕੰਮ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰਾਜਾ ਗਾਰਡਨ ਕਲੋਨੀ ਦੇ ਪ੍ਰਧਾਨ ਕੁਲਵਿੰਦਰ ਚੱਠਾ, ਮਾਸਟਰ ਗੁਰਮੀਤ ਰਾਮ ਲੁੱਗਾ, ਮਾਸਟਰ ਗੁਰਨਾਮ, ਲੇਖਰਾਜ ਤੇ ਬਲਵਿਦਰ ਸਿੰਘ ਆਦਿ ਨੇ ਦੱਸਿਆ ਕਿ ਕਲੋਨੀ ਵਿਚ ਪੱਕੀਆਂ ਗਲੀਆਂ ਤੇ ਸੜਕਾਂ ਦੀ ਉਸਾਰੀ ਦਾ ਕੰਮ ਕਰੀਬ ਸੱਤ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਪਰ ਫਿਰ ਕੋਵਿਡ-19 ਲਾਕਡਾਉਨ ਲਾਗੂ ਹੋਣ ਕਰਕੇ ਕੰਮ ਬੰਦ ਹੋ ਗਿਆ ਸੀ ਜਿਸ ਕਰਕੇ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਸੀ। ਬਰਸਾਤ ਵਿਚ ਲੰਘਣਾ ਵੀ ਔਖਾ ਹੋ ਜਾਂਦਾ ਸੀ। ਪਿਛਲੇ ਦਿਨੀਂ ਕਲੋਨੀ ਦੇ ਵਸਨੀਕਾਂ ਦਾ ਇਕ ਵਫਦ ਵਿਧਾਇਕ ਧਾਲੀਵਾਲ ਨੂੰ ਮਿਲਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਰੁਕਿਆ ਕੰਮ ਦੁਬਾਰਾ ਸ਼ੁਰੂ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਵਿਧਾਇਕ ਧਾਲੀਵਾਲ ਨੇ ਪਹਿਲ ਦੇ ਅਧਾਰ ਤੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਜਿਸ ਨੂੰ ਲੈ ਕੇ ਕਲੋਨੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਵਿਧਾਇਕ ਧਾਲੀਵਾਲ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਮੌਕੇ ਮੈਡਮ ਪਿੰਕੀ, ਅਕਾਸ਼ਦੀਪ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।