ਜਲੰਧਰ, 28 ਅਗਸਤ
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨੀਵਾਰ ਨੂੰ ਰਾਸ਼ਟਰੀ ਖੇਡ ਦਿਵਸ ਦੀ ਪੂਰਵ ਸੰਧਿਆ ‘ਤੇ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਦਿੰਦਿਆਂ ਜਲੰਧਰ ਵਿਖੇ 7.75 ਕਰੋੜ ਰੁਪਏ ਦੀ ਲਾਗਤ ਵਾਲੇ ਖੇਡ ਬੁਨਿਆਦੀ ਢਾਂਚੇ ਨਾਲ ਸਬੰਧਤ ਤਿੰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਦੇ ਨਾਲ ਹੀ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਐਸਟਰੋ ਟਰਫ ਦਾ ਉਦਘਾਟਨ ਵੀ ਕੀਤਾ।
ਰਾਣਾ ਗੁਰਮੀਤ ਸਿੰਘ ਸੋਢੀ, ਜਿਨ੍ਹਾਂ ਨਾਲ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਅਵਤਾਰ ਹੈਨਰੀ ਜੂਨੀਅਰ, ਮੇਅਰ ਜਗਦੀਸ਼ ਰਾਜ ਰਾਜਾ, ਕੌਂਸਲਰ ਨਗਰ ਨਿਗਮ ਸੁਨੀਤਾ ਰਿੰਕੂ ਵੀ ਮੌਜੂਦ ਸਨ, ਨੇ ਸਭ ਤੋਂ ਪਹਿਲਾਂ ਹੰਸਰਾਜ ਸਟੇਡੀਅਮ ਵਿੱਚ ਟੇਬਲ ਟੈਨਿਸ ਹਾਲ ਦੇ ਨਵੀਨੀਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ‘ਤੇ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਅਗਲੇ ਕੁਝ ਮਹੀਨਿਆਂ ਵਿੱਚ ਐਲ.ਈ.ਡੀ. ਲਾਈਟਿੰਗ, ਵੁਡਨ ਫਲੋਰਿੰਗ, ਬਾਥਰੂਮ ਅਤੇ ਚੇਂਜਿੰਗ ਰੂਮ ਦੇ ਨਾਲ -ਨਾਲ ਹਾਲ ਦੇ ਅੰਦਰ ਨਵੀਂ ਛੱਤ ਯਕੀਨੀ ਬਣਾਈ ਜਾਵੇਗੀ।
ਇਸ ਉਪਰੰਤ ਖੇਡ ਮੰਤਰੀ ਅੰਤਰਰਾਸ਼ਟਰੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਸਪੋਰਟਸ ਕਾਲਜ ਪਹੁੰਚੇ, ਜਿਥੇ ਉਨ੍ਹਾਂ ਸਿੰਥੈਟਿਕ ਅਥਲੈਟਿਕ ਟਰੈਕ ਨੂੰ ਮੁੜ ਵਿਛਾਉਣ ਦਾ ਨੀਂਹ ਪੱਥਰ ਰੱਖਿਆ, ਜੋ ਕਿ 6.50 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ ਅਤੇ 25 ਲੱਖ ਰੁਪਏ ਨਾਲ 50 ਮੀਟਰ ਦੇ ਸਵੀਮਿੰਗ ਪੂਲ ਦਾ ਨਵੀਨੀਕਰਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਸਮਾਰਟ ਸਿੰਥੈਟਿਕ ਐਥਲੈਟਿਕ ਟਰੈਕ ਹੋਵੇਗਾ, ਜਿਸ ਨੂੰ ਵਿਸ਼ਵ ਅਥਲੈਟਿਕਸ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਯੂਰਪ ਤੋਂ ਆਯਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਫੁਟਬਾਲ ਗਰਾਊਂਡ ਬਣਾਉਣ ਤੋਂ ਇਲਾਵਾ ਐਲ.ਈ.ਡੀ. ਫਲੱਡ ਲਾਈਟਾਂ ਵੀ ਲਗਾਈਆਂ ਜਾਣਗੀਆਂ। ਮੌਜੂਦਾ ਸਵੀਮਿੰਗ ਪੂਲ ਨੂੰ ਖਿਡਾਰੀਆਂ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਪਰੰਤ ਖੇਡ ਮੰਤਰੀ ਨੇ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਸਿਕਸ-ਏ-ਸਾਈਡ ਹਾਕੀ ਐਸਟਰੋ ਟਰਫ ਦਾ ਉਦਘਾਟਨ ਵੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਆਸ ਪ੍ਰਗਟ ਕੀਤੀ ਕਿ ਅਤਿ ਆਧੁਨਿਕ ਖੇਡ ਬੁਨਿਆਦੀ ਢਾਂਚਾ ਖੇਤਰ ਵਿੱਚ ਵਿਸ਼ਵ ਪੱਧਰੀ ਖਿਡਾਰੀ ਤਿਆਰ ਕਰਨ ਵਿੱਚ ਬੇਹੱਦ ਸਹਾਈ ਹੋਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਕੇ ਜਲੰਧਰ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜਲੰਧਰ ਜਲਦ ਹੀ ਦੇਸ਼ ਵਿੱਚ ਖੇਡਾਂ ਵਿੱਚ ਸਰਵਸ੍ਰੇਸ਼ਠ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪਹਿਲਾਂ ਹੀ ਸਪੋਰਟਸ ਕਾਲਜ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕਰਨ ਤੋਂ ਇਲਾਵਾ ਇੱਥੇ ਨਵੇਂ ਨਵੀਨਤਾਕਾਰੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧ ਰਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਲਈ ਪੰਜਾਬ ਵੱਲੋਂ ਇੱਕ ਨਵੀਂ ਖੇਡ ਨੀਤੀ ਵੀ ਤਿਆਰ ਕੀਤੀ ਗਈ ਹੈ।
ਖੇਡ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਖਿਡਾਰੀਆਂ ਦੀ ਅਜੀਵਿਕਾ ਸੁਰੱਖਿਅਤ ਕਰਨ ‘ਤੇ ਕੇਂਦਰਿਤ ਹੈ, ਜੋ ਖੇਡਾਂ ਦੇ ਖੇਤਰ ਵਿੱਚ ਰਾਜ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਵੀ ਯਕੀਨੀ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ਮੈਡਲ ਜੇਤੂਆਂ ਲਈ ਨਕਦ ਪੁਰਸਕਾਰ ਦੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ 12 ਅਗਸਤ ਨੂੰ ਸਰਕਾਰ ਵੱਲੋਂ ਪੰਜਾਬ ਦੇ 20 ਟੋਕੀਓ ਓਲੰਪੀਅਨਸ ਵਿੱਚ 28.30 ਕਰੋੜ ਰੁਪਏ ਦੇ ਨਕਦ ਪੁਰਸਕਾਰ ਵੰਡੇ ਗਏ ਹਨ।
ਜ਼ਮੀਨੀ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਹਰੇਕ ਜ਼ਿਲ੍ਹੇ ਅਤੇ ਉਪ-ਮੰਡਲ ਪੱਧਰ ‘ਤੇ ਸਵੀਮਿੰਗ ਪੂਲ ਅਤੇ ਮਿਆਰੀ ਅਥਲੈਟਿਕ ਟਰੈਕ ਵਿਕਸਤ ਕਰਨ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਵਿਭਾਗ ਨੇ ਐਸ.ਏ.ਐਸ. ਨਗਰ ਵਿਖੇ 10 ਮੀਟਰ ਦੀ ਅੰਤਰਰਾਸ਼ਟਰੀ ਮਿਆਰੀ ਸ਼ੂਟਿੰਗ ਰੇਂਜ ਵੀ ਸ਼ੁਰੂ ਹੈ।
ਇਸ ਦੌਰਾਨ ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ, ਜਿਨ੍ਹਾਂ ਹਾਲ ਹੀ ਵਿੱਚ ਟੋਕੀਓ ਓਲੰਪਿਕਸ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ, ਨਾਲ ਗੱਲਬਾਤ ਵੀ ਕੀਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਉਭਰਦੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਡੀ.ਪੀ.ਐਸ. ਖਰਬੰਦਾ, ਜੁਆਇੰਟ ਡਾਇਰੈਕਟਰ ਖੇਡਾਂ ਕਰਤਾਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਗੁਰਪਿੰਦਰ ਸੁੰਘ ਸਮਰਾ, ਤੈਰਾਕੀ ਕੋਚ ਉਮੇਸ਼ ਸ਼ਰਮਾ, ਜਨਰਲ ਸਕੱਤਰ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਪੰਕਜ ਸ਼ਰਮਾ, ਪ੍ਰਧਾਨ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵਿਨੀ ਗੁਪਤਾ ਅਤੇ ਸਪੋਰਟਸ ਪ੍ਰਮੋਟਰ ਰਾਣਾ ਟੂਟ, ਸੁਰਿੰਦਰ ਭੱਪਾ ਵੀ ਮੌਜੂਦ ਸਨ।