ਜਲੰਧਰ, 18 ਜੂਨ
ਉਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਜਾਣ ਵਾਲੇ ਪੰਜਾਬ ਦੇ ਅਥਲੀਟਾਂ ਨੂੰ ਆਪਣੇ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੱਦਾ ਦੇਣ ਲਈ ਖੇਡ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਵੀਡੀਓ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਟੋਕੀਓ ਓਲੰਪਿਕ ਵਿੱਚ ਭਾਗ ਲੈਣ ਲਈ ਚੁਣੇ ਗਏ ਜਲੰਧਰ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਕੀਤੀ । ਵੀਡੀਓ ਕਾਨਫਰੰਸ ਦੌਰਾਨ ਖੇਡ ਮੰਤਰੀ ਨੇ ਦੱਸਿਆ ਕਿ ਓਲੰਪਿਕਸ ਪੈਰਾ ਓਲੰਪਿਕਸ ਵਿੱਚ ਭਾਗ ਲੈਣ ਹਿੱਤ ਚੁਣੇ ਗਏ ਖਿਡਾਰੀਆਂ ਦੇ ਖਾਤਿਆਂ ਵਿੱਚ 5-5 ਲੱਖ ਰੁਪਏ ਪਾਏ ਹਨ ਤਾਂ ਜੋ ਉਹ ਇਸ ਖੇਡ ਮਹਾਂਕੁੰਭ ਲਈ ਆਪਣੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇ ਸਕਣ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਜ਼ਿਲ੍ਹੇ ਦੇ ਇਨ੍ਹਾਂ ਖਿਡਾਰੀਆਂ ਦੇ 5-5 ਬੋਰਡ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨਾਲ ਕੀਤਾ ਵਾਅਦਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਓਲੰਪਿਕਸ ਵਿੱਚੋਂ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 2.25 ਕਰੋੜ, ਚਾਂਦੀ ਦਾ ਤਮਗਾ ਜੇਤੂ ਨੂੰ 1.5 ਕਰੋੜ ਅਤੇ ਕਾਂਸੀ ਦਾ ਤਮਗਾ ਜੇਤੂ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲੰਧਰ ਸਮੇਤ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਤਮਗ਼ਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ ਅਤੇ ਹਾਕੀ ਖੇਡ ਇਸ ਵਿੱਚ ਮੋਹਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਉਭਰਦੇ ਖਿਡਾਰੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਹੈ ਅਤੇ ਇਸ ਸਦਕਾ ਖਿਡਾਰੀਆਂ ਨੂੰ ਵਿਦੇਸ਼ੀ ਕੋਚਾਂ ਦੀ ਨਿਗਰਾਨੀ ਹੇਠ ਆਧੁਨਿਕ ਸਾਜ਼ੋ-ਸਾਮਾਨ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਮਿਲ ਰਿਹਾ ਹੈ।ਵੀਡੀਓ ਕਾਨਫਰੰਸ ਵਿੱਚ ਓਲੰਪਿਕਸ ਲਈ ਜ਼ਿਲ੍ਹਾ ਜਲੰਧਰ ਤੋਂ ਚੁਣੇ 6 ਖਿਡਾਰੀਆਂ ਦੇ ਮਾਤਾ-ਪਿਤਾ ਹਾਜ਼ਰ ਹੋਏ, ਜਿਨ੍ਹਾਂ ਵਿੱਚ ਖੇਡ ਹਾਕੀ ਦੇ ਜਸਕਰਨ ਸਿੰਘ ਦੇ ਪਿਤਾ ਓਲੰਪਿਅਨ ਰਜਿੰਦਰ ਸਿੰਘ, ਮਨਦੀਪ ਸਿੰਘ ਦੇ ਭਰਾ ਹਮਿੰਦਰ ਸਿੰਘ, ਮਾਨਪ੍ਰੀਤ ਕੌਰ ਦੇ ਮਾਤਾ ਮਨਜੀਤ ਕੌਰ, ਵਰੁਣ ਕੁਮਾਰ ਦੇ ਪਿਤਾ ਮੀਆਂ ਨੰਦ, ਹਾਰਦਿਕ ਸਿੰਘ ਦੇ ਚਾਚਾ  ਗੁਰਦੀਪ ਸਿੰਘ, ਖੇਡ ਬੈਡਮਿੰਟਨ ਦੇ ਪੈਰਾ ਓਲੰਪਿਕਸ ਦੀ ਪਲਕ ਕੋਹਲੀ ਦੇ ਪਿਤਾ ਮਹੇਸ਼ ਕੋਹਲੀ ਨੇ ਸ਼ਿਰਕਤ ਕੀਤੀ। ਖਿਡਾਰੀਆਂ ਦੇ ਮਾਪਿਆਂ ਨੇ ਇਸ ਖੇਡ ਮਹਾਂਕੁੰਭ ਦੀਆਂ ਤਿਆਰੀਆਂ ਲਈ ਖਿਡਾਰੀਆਂ ਦੇ ਖਾਤਿਆਂ ਵਿੱਚ 5-5 ਲੱਖ ਰੁਪਏ ਪਾਉਣ ‘ਤੇ ਖੇਡ ਮੰਤਰੀ ਦਾ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟ ਕੀਤਾ। ਇਸ ਤੋਂ ਇਲਾਵਾ ਖੇਡ ਮੰਤਰੀ ਵੱਲੋਂ ਕਈ ਖਿਡਾਰੀਆਂ ਨਾਲ ਸਿੱਧੇ ਗੱਲਬਾਤ ਵੀ ਕੀਤੀ ਗਈ।ਇਸ ਮੌਕੇ ਰਾਜ ਕਮਲ ਚੌਧਰੀ ਸਕੱਤਰ ਸਪੋਰਟਸ, ਡੀ.ਪੀ.ਐਸ.ਖਰਬੰਦਾ ਡਾਇਰੈਕਟਰ ਸਪੋਰਟਸ ਪੰਜਾਬ, ਡੀ.ਐਸ.ਓ ਜਸਮੀਤ ਕੌਰ, ਹਰਦੀਪ ਸਿੰਘ (ਪੀ.ਸੀ.ਐਸ) ਜੀ.ਏ ਟੂ ਡੀ.ਸੀ. ਵੀ ਮੌਜੂਦ ਸਨ।