ਫਗਵਾੜਾ, 24 ਨਵੰਬਰ (ਸ਼ਿਵ ਕੋੜਾ) ਗੁਰੂ ਹਰਿਗੋਬਿੰਦ ਨਗਰ ਵੈਲਫੇਅਰ ਐਸੋਸੀਏਸ਼ਨ ਨੇ ਇਮਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਨ ਲਾਲ ਬੰਗਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇੱਕ ਖ਼ਤ ਲਿਖਕੇ ਮੰਗ ਕੀਤੀ ਹੈ ਕਿ ਗੁਰੂ ਹਰਿਗੋਬਿੰਦ ਨਗਰ ਦੇ ਰਿਜ਼ਰਵ ਕੀਮਤ ਵਾਲੇ ਪਲਾਟ ਧਾਰਕਾਂ ਉਤੇ ਉਹਨਾ ਦੇ ਪਲਾਟਾਂ ਦੀ ਕੀਮਤ ਉਤੇ ਵਾਧੇ ਦੀ ਰਕਮ (ਇਨਹਾਂਸਡ ਪ੍ਰਾਈਸ) ਉਤੇ ਲਗਾਏ ਵਿਆਜ਼ ਨੂੰ 100 ਫ਼ੀਸਦੀ (ਪੂਰੇ ਦਾ ਪੂਰਾ) ਮੁਆਫ਼ ਕੀਤਾ ਜਾਵੇ। ਸੁਸਾਇਟੀ ਦੇ ਪ੍ਰਧਾਨ ਅਸ਼ੋਕ ਗੁਪਤਾ, ਸਲਾਹਕਾਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੁਦੇਸ਼ ਕੁਮਾਰ, ਸਕੱਤਰ ਮਨੋਜ ਮਿੱਢਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵਿਆਜ਼ ਦਰ 15 ਫ਼ੀਸਦੀ ਤੋਂ ਘੱਟ ਕਰਕੇ 7.50 ਫ਼ੀਸਦੀ ਕਰ ਦਿੱਤੀ ਹੈ, ਲੇਕਿਨ ਪਲਾਟ ਹੋਲਟਰਾਂ ਨੇ ਅਪੀਲ ਕੀਤੀ ਹੈ ਕਿ ਇਸ ਵਿਆਜ਼ ਰਾਸ਼ੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ।
ਸੁਸਾਇਟੀ ਦੇ ਸਲਾਹਕਾਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ 2013 ਤੱਕ ਜਾਰੀ ਚਿੱਠੀਆਂ ਅਨੁਸਾਰ ਪਹਿਲਾਂ ਹੀ ਵਿਆਜ਼ ਦਰ ਵਿਆਜ਼ ਲਗਾਕੇ ਰਿਜ਼ਰਵ ਪਲਾਟਾਂ ਲਈ 800 ਰੁਪਏ ਪ੍ਰਤੀ ਵਰਗ ਗਜ਼ ਇਹਨਾ ਪਲਾਟਾਂ ਲਈ ਪਲਾਟ ਧਾਰਕਾਂ ਤੋਂ ਲੈਣ ਲਈ ਚਿੱਠੀਆਂ ਜਾਰੀ ਹੋਈਆਂ ਹਨ, ਜਿਸ ਸਬੰਧੀ ਇਹ ਪਲਾਟ ਧਾਰਕ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਜਾ ਚੁੱਕੇ ਹਨ। ਅਤੇ ਇਮਪਰੂਵਮੈਂਟ ਟਰੱਸਟ ਫਗਵਾੜਾ ਵਲੋਂ ਪਲਾਟਾਂ ਦੀ ਕੀਮਤ ਵਾਧੇ ਦੀ ਮੰਗ ਨੂੰ ਅਪ੍ਰਵਾਨ ਕਰ ਚੁੱਕੇ ਹਨ।
ਸੁਸਾਇਟੀ ਦੇ ਅਹੁਦੇਦਾਰਾਂ ਅਤੇ ਪਲਾਟ ਦੇ ਨੁਮਾਇੰਦਿਆਂ ਨੇ ਕਿਹਾ ਕਿ 800 ਰੁਪਏ ਪ੍ਰਤੀ ਵਰਗ ਗਜ਼ ਦੀ ਵਧੀ ਹੋਈ ਕੀਮਤ ਵੀ ਬਹੁਤ ਜ਼ਿਆਦਾ ਹੈ, ਉਸ ਸਬੰਧੀ ਵੀ ਇਮਪਰੂਵਮੈਂਟ ਟਰਸੱਟ ਨਜ਼ਰਸਾਨੀ ਕਰੇ ਅਤੇ ਇਸ 800 ਰੁਪਏ ਦੀ ਕੀਮਤ ‘ਚ ਲਗਾਇਆ ਵਿਆਜ਼ ਦਰ ਵਿਆਜ਼ ਵੀ ਮੁਆਫ਼ ਕਰੇ। ਉਹਨਾ ਕਿਹਾ ਕਿ ਸੁਸਾਇਟੀ ਦੇ ਨੁਮਾਇੰਦੇ ਫਗਵਾੜਾ ਵਿਖੇ 28 ਨਵੰਬਰ 2021 ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦੌਰੇ ਸਮੇਂ ਉਹਨਾ ਨੂੰ ਇਸ ਸਬੰਧੀ ਮੰਗ ਪੱਤਰ ਸੌਂਪਣਗੇ।