ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਨਵੀਂ ਚੁਣੀ ਟੀਮ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਤੀਸਰੇ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਦੇ ਹੋਏ ਸਥਾਨਕ ਖੇੜਾ ਰੋਡ ਸਥਿਤ ਕ੍ਰਿਸ਼ਨਾ ਧਾਮ ਬਾਬਾ ਬਾਲਕ ਨਾਥ ਮੰਦਿਰ ਵਿਖੇ ਫਰੀ ਸ਼ੁੱਗਰ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰੀਤ ਲੈਬਾਰਟਰੀ ਦੀ ਟੀਮ ਵਲੋਂ 150 ਤੋਂ ਵੱਧ ਲੋੜਵੰਦਾਂ ਦੀ ਸ਼ੁੱਗਰ ਚੈਕ ਕਰਕੇ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੇ ਲਾਇਨ ਅਤੁਲ ਜੈਨ ਤੇ ਉਹਨਾਂ ਦੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸ਼ੁਗਰ ਇਕ ਖਤਰਨਾਕ ਬਿਮਾਰੀ ਹੈ ਪਰ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਪਤਾ ਲੱਗਣ ਤੇ ਜੇਕਰ ਸੰਤੁਲਿਤ ਭੋਜਨ ਲਿਆ ਜਾਵੇ। ਰੋਜਾਨਾ ਸੈਰ ਕੀਤੀ ਜਾਵੇ ਅਤੇ ਥੋੜਾ ਸਮਾਂ ਹਲਕੀ-ਫੁਲਕੀ ਕਸਰਤ ਕਰਨ ਵਿਚ ਲਗਾਇਆ ਜਾਵੇ ਤਾਂ ਇਸ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਲਾਇਨ ਅਤੁਲ ਜੈਨ ਨੇ ਦੱਸਿਆ ਕਿ ਕਲੱਬ ਵਲੋਂ ਲੋੜਵੰਦਾ ਨੂੰ ਰਾਸ਼ਨ ਵੰਡਣ ਦਾ ਅਗਲਾ ਪ੍ਰੋਜੈਕਟ ਜਲਦੀ ਹੀ ਕੀਤਾ ਜਾਵੇਗਾ ਜਿਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਕਲੱਬ ਸਕੱਤਰ ਸੁਨੀਲ ਢੀਂਗਰਾ ਨੇ ਕਿਹਾ ਕਿ ਕਲੱਬ ਦੀ ਰਵਾਇਤ ਨੂੰ ਜਾਰੀ ਰੱਖਦੇ ਹੋਏ ਨਵੀਂ ਟੀਮ ਲਾਇਨਜ ਕਲੱਬ ਫਗਵਾੜਾ ਸਿਟੀ ਨੂੰ ਨਵੇਂ ਸਿਖਰਾਂ ਤੇ ਲੈ ਕੇ ਜਾਣ ਲਈ ਵਚਨਬੱਧ ਹੈ। ਇਸ ਮੌਕੇ ਪੀ.ਆਰ.ਓ. ਲਾਇਨ ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਸ਼ਸ਼ੀ ਕਾਲੀਆ, ਲਾਇਨ ਰਣਧੀਰ ਕਰਵਲ, ਲਾਇਨ ਵਿਪਨ ਠਾਕੁਰ ਤੋਂ ਇਲਾਵਾ ਮੰਦਰ ਦੇ ਮਹੰਤ ਬਿ੍ਰਜ ਕੁਮਾਰ ਭਾਰਦਵਾਜ ਤੇ ਸ਼ਸ਼ੀ ਭਾਰਦਵਾਜ ਆਦਿ ਹਾਜਰ ਸਨ।