
ਫਗਵਾੜਾ 26 ਮਈ (ਸ਼਼ਿਵ ਕੋੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ ਕਲੱਬ 321-ਡੀ ਦੇ ਜੋਨ ਚੇਅਰਮੈਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਸਥਾਨਕ ਬੰਗਾ ਰੋਡ ਸਥਿਤ ਪੀ.ਸੀ.ਆਰ. ਦਫਤਰ ਵਿਖੇ ਮੁਲਾਜਮਾ ਨੂੰ ਕੋਵਿਡ-19 ਕੋਰੋਨਾ ਵਾਇਰਸ ਤੋਂ ਬਚਾਅ ਲਈ ਹੈਂਡ ਸੈਨੀਟਾਈਜਰ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਮੁਲਾਜਮਾ ਅਤੇ ਰਾਹਗੀਰਾਂ ਲਈ ਫੇਸ ਮਾਸਕ ਵੀ ਦਿੱਤੇ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਥਾਣਾ ਪੀ.ਸੀ.ਆਰ. ਇੰਚਾਰਜ ਸੁਮਿੰਦਰ ਸਿੰਘ ਭੱਟੀ ਰਾਹੀਂ ਮੁਲਾਜਮਾ ਅਤੇ ਬਿਨਾ ਮਾਸਕ ਸੜਕਾਂ ਤੇ ਘੁੰਮਣ ਵਾਲੇ ਆਮ ਲੋਕਾਂ ਲਈ ਫੇਸ ਮਾਸਕ ਭੇਂਟ ਕੀਤੇ ਗਏ ਹਨ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਪੀ.ਸੀ.ਆਰ. ਮੁਲਾਜਮ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਡਿਉਟੀ ਕਰਦੇ ਹਨ ਕਿਉਂਕਿ ਕੋਰੋਨਾ ਲਾਕਡਾਉਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੀ ਗਰਾਉਂਡ ਲੈਵਲ ਦੀ ਜਿੰਮੇਵਾਰੀ ਉਹਨਾਂ ਦੇ ਸਿਰ ਤੇ ਹੀ ਹੈ। ਇਸ ਦੌਰਾਨ ਸਬ-ਇੰਸਪੈਕਟਰ ਸੁਮਿੰਦਰ ਸਿੰਘ ਭੱਟੀ ਨੇ ਲਾਇਨਜ ਕਲੱਬ ਫਗਵਾੜਾ ਸਿਟੀ ਅਤੇ ਖਾਸ ਤੌਰ ਤੇ ਗੁਰਦੀਪ ਸਿੰਘ ਕੰਗ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੀ.ਸੀ.ਆਰ. ਹਰ ਸਮੇਂ ਜਨਤਾ ਦੀ ਸੇਵਾ ਵਿਚ ਹਾਜਰ ਹੈ। ਕੋਵਿਡ-19 ਦੀ ਦੂਸਰੀ ਲਹਿਰ ਬੇਹਦ ਖਤਰਨਾਕ ਹੈ ਇਸ ਲਈ ਆਮ ਜਨਤਾ ਦਾ ਪੁਲਿਸ ਨੂੰ ਸਹਿਯੋਗ ਬਹੁਤ ਜਰੂਰੀ ਹੈ ਤਾਂ ਜੋ ਇਸ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕੇ। ਗੁਰਦੀਪ ਸਿੰਘ ਕੰਗ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਬਿਨਾ ਖਾਸ ਜਰੂਰੀ ਕੰਮ ਦੇ ਘਰੋਂ ਬਾਹਰ ਨਾ ਆਉਣ ਅਤੇ ਫੇਸ ਮਾਸਕ ਤੇ ਸਰੀਰਿਕ ਦੂਰੀ ਆਦਿ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਕਲੱਬ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਲਾਇਨ ਸੁਨੀਲ ਢੀਂਗਰਾ ਤੋਂ ਇਲਾਵਾ ਲਾਇਨ ਜੁਗਲ ਬਵੇਜਾ, ਲਾਇਨ ਜਸਵੀਰ ਮਾਹੀ, ਲਾਇਨ ਵਿਪਨ ਕੁਮਾਰ, ਲਾਇਨ ਰਣਧੀਰ ਕਰਵਲ ਆਦਿ ਹਾਜਰ ਸਨ।