ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ -ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ ੪੦੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਵੈਬੀਨਾਰ ਵਿੱਚ ਡਾ. ਸਰਬਜਿੰਦਰ ਸਿੰਘ ਚੇਅਰਮੈਨ, ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਅਤੇ ਭਾਈ ਗੁਰਦਾਸ ਚੇਅਰ , ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ । ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਤੇ ਸਮੂਹ ਅਧਿਆਪਕਾਂ ਨੇ ਕੀਤਾ । ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਵਿੱਚ ਇਸ ਮੌਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਖ਼ਸੀਅਤ ਭਾਰਤੀ ਸਮਾਜ  ਵਾਸਤੇ ਬਹੁਤ ਪ੍ਰੇਰਨਾਦਾਇਕ ਹੈ ।ਉਨ੍ਹਾਂ ਕਿਹਾ ਕਿ   ਗੁਰੂ ਤੇਗ ਬਹਾਦਰ ਜੀ ਭਾਰਤੀ ਭੂ-ਖੰਡ ਨੂੰ ਦੇਣ ਬਹੁਤ ਵਡਮੁੱਲੀ ਹੈ ।ਡਾ. ਸਰਬਜਿੰਦਰ ਸਿੰਘ ਬਹੁਤ ਸੁਲਝੇ ਹੋਏ ਸਕਾਲਰ ਅਤੇ ਵੱਡੇ ਵਿਦਵਾਨ ਹਨ। ਉਨ੍ਹਾਂ ਦੀ ਇਸ ਵਿਸ਼ੇ ਉੱਪਰ ਬਹੁਤ ਮੁਹਾਰਤ ਹੈ । ਇਸ ਸਬੰਧੀ ਉਨ੍ਹਾਂ ਦੇ ਵਿਚਾਰ ਸਾਡੀ ਜਾਣਕਾਰੀ ਵਿੱਚ ਬਹੁਤ ਵਾਧਾ ਕਰਨਗੇ । ਡਾ ਗੋਪਾਲ ਸਿੰਘ ਬੁੱਟਰ ਨੇ ਇਸ ਵੈਬੀਨਾਰ ਦੀ ਰੂਪ ਰੇਖਾ ਪ੍ਰਸਤੁਤ ਕਰਦਿਆਂ ਵਿਸ਼ੇ ਦੀ  ਭੂਮਿਕਾ ਦਰਸਾਈ ।ਡਾ ਸਰਬਜਿੰਦਰ ਸਿੰਘ ਨੇ ਆਪਣੇ ਲੈਕਚਰ ਵਿੱਚ ਭਾਰਤ ਦੇ ਇਤਿਹਾਸਕ ਪਰਪੇਖ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਭਾਰਤੀ ਭੂ ਖੰਡ ਨੂੰ ਦੇਣ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ । ਲੈਕਚਰ ਦੌਰਾਨ ਉਨ੍ਹਾਂ ਨੇ ਆਪਣੇ ਵਿਚਾਰ ਤਰਕ ਦੀ ਕਸਵੱਟੀ ‘ਤੇ ਪਰਖਦਿਆਂ ਪ੍ਰਸਤੁਤ ਕੀਤੇ ਅਤੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ । ਸੈਸ਼ਨ ਦੇ ਅੰਤ ‘ਤੇ ਪ੍ਰਤੀਭਾਗੀਆਂ ਦੁਆਰਾ ਮੁੱਖ ਵਕਤਾ ਨੂੰ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਨੇ ਬੜੀ ਸ਼ਾਲੀਨਤਾ ਅਤੇ ਵਿਦਵਤਾ ਨਾਲ ਉੱਤਰ ਦਿੱਤੇ । ਪ੍ਰਸ਼ਨੋਤਰੀ ਸੈਸ਼ਨ ਵਿੱਚ ਡਾ ਗੋਪਾਲ ਸਿੰਘ ਬੁੱਟਰ, ਅਮਨਦੀਪ ਕੌਰ, ਜਤਿੰਦਰ ਕੌਰ ਆਦਿ ਜਗਿਆਸੂਆਂ ਨੇ ਸਵਾਲ ਪੁੱਛੇ। ਵੈਬੀਨਾਰ ਦਾ ਤਕਨੀਕੀ ਸੰਚਾਲਨ ਡਾ. ਸੁਰਿੰਦਰ ਪਾਲ ਮੰਡ ਨੇ ਬਾਖੂਬੀ ਕੀਤਾ।  ਵੈਬੀਨਾਰ ਵਿੱਚ ਲਗਭਗ ਅੱਸੀ ਪ੍ਰਤੀਭਾਗੀਆਂ ਨੇ ਭਾਗ ਲਿਆ ।