ਜਲੰਧਰ (ਨਿਤਿਨ ) :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਪਹਿਲਾਂ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਇਸ ਉਪਰੰਤ ਕਾਲਜ ਦੇ ਵਿਦਿਆਰਥੀ ਸ਼ਰਨਦੀਪ ਸਿੰਘ ਸੋਢੀ, ਅੰਤਰ ਪ੍ਰੀਤ ਸਿੰਘ ਅਤੇ ਪ੍ਰੋ. ਗੁਨਵੀਰ ਸਿੰਘ ਦੁਆਰਾ ਕੀਰਤਨ ਕੀਤਾ ਗਿਆ ਅਤੇ ਫਿਰ ਕਾਲਜ ਦੇ ਗੇਟ ’ਤੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਸਤਿਕਾਰ ਨਾਲ ਸ਼ੀਤਲ ਮਿੱਠੇ ਜਲ ਤੇ ਪ੍ਰਸ਼ਾਦ ਵੰਡ ਕੇ ਪੰਚਮ ਪਾਤਸ਼ਾਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮੇਂ ਕਾਲਜ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਪ੍ਰਬੰਧਕ ਕਮੇਟੀ ਦੇ ਮੈਂਬਰਾਨ, ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਬਹੁਤ ਸ਼ਰਧਾ ਨਾਲ ਸੇਵਾ ਨਿਭਾਈ। ਪ੍ਰਧਾਨ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ ਕੌਰ ਜੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਸਮਾਜ ਵਿਚ ਸੇਵਾ ਅਤੇ ਕੁਰਬਾਨੀ ਵਰਗੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦੀਆਂ ਹਨ ਅਤੇ ਇਹ ਹਰ ਸਮੇਂ ਪ੍ਰਸੰਗਿਕ ਹਨ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਕਾਲਜ ਆਪਣੀਆਂ ਰਿਵਾਇਤਾਂ ਨੂੰ ਕਾਇਮ ਰੱਖਦੇ ਹੋਏ ਨੌਜਵਾਨਾਂ ਨੂੰ ਸਿੱਖ ਧਰਮ ਦੀ ਰਹਿਤ ਮਰਿਆਦਾ ਨਾਲ ਜੋੜਣ ਲਈ ਅਜਿਹੇ ਸਮਾਗਮ ਕਰਦਾ ਆ ਰਿਹਾ ਹੈ ਅਤੇ ਭੱਵਿਖ ਵਿਚ ਵੀ ਕਰਦਾ ਰਹੇਗਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ, ਅਧਿਆਪਕ ਸਹਿਾਬਨ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਹਾਜ਼ਰੀ ਭਰੀ ਅਤੇ ਸੇਵਾ ਕੀਤੀ।