ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਦੂਸਰੀਆਂ
ਪਾਠ ਸਹਾਇਕ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਨਿਰੰਤਰ ਪ੍ਰੇਰਦਾ ਰਹਿੰਦਾ ਹੈ। ਜਿਨ੍ਹਾਂ
ਸ਼ਖਸੀਅਤਾਂ ਨੇ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਉਹਨਾਂ
ਸ਼ਖਸੀਅਤਾਂ ਨਾਲ ਸੰਬੰਧਿਤ ਦਿਨ ਤਿਉਹਾਰ ਵੀ ਵਿਦਿਆਰਥੀਆਂ ਦੁਆਰਾ ਕਾਲਜ ਵਿਖੇ ਮਨਾਏ
ਜਾਂਦੇ ਹਨ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਰਾਜਨੀਤੀ ਵਿਭਾਗ ਵੱਲੋਂ ਡਾ. ਬੀ.ਆਰ.
ਅੰਬੇਦਕਰ ਦੇ ਜਨਮ ਦਿਵਸ ਦੇ ਸਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਭਾਗ ਦੇ
ਮੁਖੀ ਪ੍ਰੋ. ਅਨੂ ਕੁਮਾਰੀ ਅਤੇ ਹੋਰ ਅਧਿਆਪਕ ਸਾਹਿਬਾਨ ਨੇ ਉਹਨਾਂ ਨੂੰ ਜੀ ਆਇਆ ਕਿਹਾ।
ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਨੂੰ ਮਜਬੂਤ ਬਣਾਉਣ
ਲਈ ਇੱਕ ਮਜਬੂਤ ਅਤੇ ਉੱਚ ਦਰਜੇ ਦੇ ਸੰਵਿਧਾਨ ਦੀ ਜਰੂਰਤ ਸੀ ਜਿਸ ਦੀ ਡਰਾਫਟਿੰਗ ਡਾ. ਬੀ.ਆਰ.
ਅੰਬੇਦਕਰ ਜੀ ਦੀ ਅਗਵਾਈ ਵਿੱਚ ਹੋਈ। ਉਹਨਾਂ ਡਾ. ਬੀ.ਆਰ. ਅੰਬੇਦਕਰ ਜੀ ਦੇ ਜੀਵਨ ਅਤੇ
ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਬੋਲਦਿਆਂ ਕਿਹਾ ਕਿ ਡਾ. ਸਾਹਿਬ ਨੇ ਆਪਣੇ ਤੰਗੀਆਂ
ਤੁਰਸੀਆਂ ਭਰਪੂਰ ਜੀਵਨ ਵਿੱਚੋਂ ਲੰਘਦਿਆਂ ਆਪਣੇ ਦੇਸ਼ ਤੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ
ਅਤੇ ਇੱਕ ਚੰਗੇ ਰਾਸ਼ਟਰ ਦੀ ਸਥਾਪਤੀ ਲਈ ਜੋ ਨਿਯਮ ਤੇ ਜੋ ਸੰਵਿਧਾਨ ਘੜਿਆ ਉਸਦੀ ਜਿੰਨੀ
ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ। ਇਸ ਸਮਾਗਮ ਵਿੱਚ ਕੋਈ ਬਾਹਰੀ ਬੁਲਾਰੇ ਦੀ ਥਾਂ ਤੇ
ਵਿਦਿਆਰਥੀਆਂ ਨੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜੀਵਨ ਉਹਨਾਂ ਦੀ ਵਿਚਾਰਧਾਰਾ ਅਤੇ ਭਾਰਤੀ
ਸੰਵਿਧਾਨ ਦੇ ਨਿਰਮਾਤਾ ਦੇ ਰੂਪ ਵਿੱਚ ਉਹਨਾਂ ਦੀ ਭੂਮਿਕਾ ਵਿਸ਼ੇ ਤੇ ਆਪਣੇ-ਆਪਣੇ ਵਿਚਾਰ
ਪ੍ਰਸਤੁਤ ਕੀਤੇ। ਇਸ ਮੌਕੇ ਨਾਨ-ਟੀਚਿੰਗ ਸਟਾਫ ਵਿੱਚੋਂ ਸੰਦੀਪ ਕੌਰ ਅਤੇ ਹਰਜੀਤ ਕੁਮਾਰ
ਵੱਲੋਂ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ ਗਏ। ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਪ੍ਰੋ. ਅਨੂ
ਕੁਮਾਰੀ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਹੋਰ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਅਤੇ
ਹੋਰ ਕਰਮਚਾਰੀਆਂ ਦਾ ਧੰਨਵਾਦ ਕੀਤਾ ਉਹਨਾਂ ਵਿਦਿਆਰਥੀਆਂ ਨੂੰ ਡਾ. ਬੀ.ਆਰ. ਅੰਬੇਦਕਰ ਦੇ
ਜੀਵਨ ਅਤੇ ਸਿੱਖਿਆ ਤੋਂ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ ਇਸ ਮੌਕੇ ਵਾਇਸ
ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਕਾਲਜ ਰਜਿਟਰਾਰ ਪ੍ਰੋ. ਨਵਦੀਪ ਕੌਰ, ਡਾ. ਪੂਜਾ ਰਾਣਾ ਮੁਖੀ ਭੂਗੌਲ
ਵਿਭਾਗ, ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਵਿਭਾਗ, ਡਾ. ਬਲਰਾਜ ਕੌਰ, ਡਾ. ਕਰਮਵੀਰ ਸਿੰਘ ਡਾ.
ਮਨਮੀਤ ਸੋਢੀ ਡਾਕਟਰ. ਡਾ. ਅਜੀਤਪਾਲ ਸਿੰਘ, ਪ੍ਰੋ. ਜਗਦੀਪ ਸਿੰਘ ਅਤੇ ਹੋਰ ਅਧਿਆਪਕ ਸਾਹਿਬਾਨ
ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।