ਜਲੰਧਰ: ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਵਿੱਦਿਆ, ਖੇਡਾਂ, ਸਾਹਿਤਕ ਅਤੇ ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਕੇ ਸਮਾਜ ਨੂੰ ਉੱਚ ਪ੍ਰਸ਼ਾਸਨਿਕ ਅਧਿਕਾਰੀ, ਖਿਡਾਰੀ, ਸਾਹਿਤਕਾਰ ਤੇ ਕਲਾਕਾਰ ਦਿੱਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਕਾਲਜ ਨੇ ਓਵਰਆਲ ਤੇ ਫਸਟ ਰਨਰ ਅੱਪ ਟਰਾਫ਼ੀਆਂ ਜਿੱਤ ਕੇ ਇਸ ਖੇਤਰ ਵਿੱਚ ਵੱਡੇ ਕਲਾਕਾਰ ਪੈਦਾ ਕੀਤੇ। ਪੰਜਾਬੀ ਬੋਲੀ ਤੇ ਵਿਰਾਸਤ ‘ਤੇ ਮਾਣ ਕਰਦਿਆਂ ਪ੍ਰਿੰਸੀਪਲ ਡਾ ਗੁਰਪਿੰਦਰ ਸਿੰਘ ਸਮਰਾ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਗੀਤ ‘ਲਹੂ ਦੀ ਲਕੀਰ’ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਭਾਵੇਂ ਹਥਿਆਰਾਂ, ਬਦਮਾਸ਼ੀ ਵਾਲੇ ਵਤੀਰੇ ਤੇ ਚਮਕ ਦਮਕ ਵਾਲੇ ਜੀਵਨ ਦੀ ਵਧੇਰੇ ਪੇਸ਼ਕਾਰੀ ਹੋ ਰਹੀ ਹੈ ਪਰ ਕੁਝ ਗਾਇਕ ਅਜਿਹੇ ਵੀ ਹਨ ਜੋ ਅਜਿਹੀ ਪੇਸ਼ਕਾਰੀ ਤੇ ਸੋਚ ਤੋਂ ਉੱਪਰ ਉੱਠ ਕੇ ਸੋਚਦੇ ਤੇ ਗਾਉਂਦੇ ਹਨ । ਉਨ੍ਹਾਂ ‘ਲਹੂ ਦੀ ਲਕੀਰ’ ਗੀਤ ਦੇ ਕੰਸੈਪਟ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਗੀਤ ਦੇ ਬੋਲ ਤੇ ਵੀਡੀਓ 1947ਵਿੱਚ ਫਿਰਕਾ ਪ੍ਰਸਤੀ ਦੀ ਅੱਗ ਵਿੱਚ ਝੁਲਸੇ ਹਿੰਦੂ ਮੁਸਲਿਮ ਸਿੱਖਾਂ ਦੇ ਦੰਗਿਆਂ ਦੀ ਦਾਸਤਾਨ ਹਨ। ਜਿਸ ਵਿੱਚ ਇੱਕ ਲੜਕੀ ਦਾ ਸਾਰਾ ਪਰਿਵਾਰ ਮਾਰਿਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਲਹੂ ਦੀ ਲਕੀਰ ਗੀਤ ਅਜਿਹੀਆਂ ਅਣਗਿਣਤ ਲੜਕੀਆਂ ਤੇ ਹੋਰ ਲੋਕਾਂ ਦੇ ਪਰਿਵਾਰਾਂ ਦੇ ਉਜਾੜੇ ਦੀ ਦਾਸਤਾਨ ਹੈ। ਉਨ੍ਹਾਂ ਇਸ ਸੰਗੀਤਕ ਟਰੈਕ ਦੇ ਗਾਇਕ ਜੱਸੀ ਖ਼ਾਨ, ਗੀਤਕਾਰ, ਸੰਗੀਤਕਾਰ ਤੇ ਮਿਊਜ਼ਿਕ ਕੰਪਨੀ ਦੀ ਸ਼ਲਾਘਾ ਕੀਤੀ, ਜਿਸ ਨੇ ਅਜਿਹਾ ਮਿਆਰੀ ਸੰਗੀਤ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਅਜੋਕੇ ਗਾਇਕ ਤੇ ਗੀਤਕਾਰ ਅਜਿਹੇ ਮਿਆਰੀ ਗੀਤ ਗਾ ਕੇ ਇੱਕ ਚੰਗਾ ਸੰਗੀਤਕ ਵਾਤਾਵਰਨ ਪੈਦਾ ਕਰਨਗੇ ।