ਜਲੰਧਰ: ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਗ੍ਰੀਵੈਂਸ ਰਿਡ੍ਰੈਸਲ ਸੈੱਲ, ਐੱਨ ਐੱਸ ਐੱਸ ਅਤੇ ਜੋਅਲੋਜੀ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਮਨਿਸਟਰੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦੁਆਰਾ ਚਲਾਏ ਜਾ ਰਹੇ  ਪੋਸ਼ਣ ਪਖਵਾਡ਼ਾ ‘ਸਹੀ ਪੋਸ਼ਣ ਦੇਸ਼ ਰੌਸ਼ਨ’ ਪ੍ਰੋਗਰਾਮ ਤਹਿਤ ਦੋ ਰੋਜ਼ਾ ਸਮਾਗਮ ਦੇ ਦੂਜੇ ਦਿਨ  ਆਨਲਾਈਨ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਰਟ ਆਫ ਲਿਵਿੰਗ ਸੰਸਥਾ ਤੋਂ  ਪ੍ਰਦੀਪ ਸਿੰਘ ਮੁੱਖ ਵਕਤਾ ਵਜੋਂ ਸ਼ਾਮਲ ਹੋਏ ।  ਪ੍ਰਿੰਸੀਪਲ ਡਾ ਗੁਰਪਿੰਦਰ ਸਿੰਘ ਸਮਰਾ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਮਨ ਅਤੇ ਆਤਮਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨ ਸ਼ੈਲੀ  ਕਰਕੇ ਸਾਡੇ ਲਈ ਯੋਗਾ ਦੀ ਮਹੱਤਤਾ ਬਹੁਤ ਵਧ ਗਈ ਹੈ। ਸਾਨੂੰ ਯੋਗ ਆਸਣਾਂ ਨੂੰ ਨਿੱਤ ਕ੍ਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮੁੱਖ ਵਕਤਾ ਤੇ ਟ੍ਰੇਨਰ ਸ੍ਰੀ ਪ੍ਰਦੀਪ ਸਿੰਘ ਨੇ ਯੋਗਾ ਦੌਰਾਨ ਸਾਹ ਕਿਰਿਆ  ਦੀਆਂ ਸਹੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾ ਯੋਗਾ ਆਸਨ ਕਰਵਾ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਪ੍ਰਤੀਭਾਗੀਆਂ ਨੂੰ ਯੋਗਾ ਦੇ ਲਾਭਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਆਸਣਾਂ ਦੀ ਰੋਜ਼ਾਨਾ ਪ੍ਰੈਕਟਿਸ ਨਾਲ  ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਡਾ ਗਗਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਪ੍ਰਦੀਪ ਸਿੰਘ ਸਾਡੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਹਨ। ਸੈਸ਼ਨ ਦੇ ਅੰਤ ‘ਤੇ  ਡਾ. ਜਸਵੰਤ ਕੌਰ, ਪ੍ਰੋ ਜਸਵਿੰਦਰ ਕੌਰ ਅਤੇ ਹੋਰ ਅਧਿਆਪਕਾਂ ਨੇ ਯੋਗਾ ਸਬੰਧੀ ਵਿਚਾਰ ਚਰਚਾ ਵਿਚ ਭਾਗ ਲਿਆ। ਡਾ ਤਰਸੇਮ ਸਿੰਘ ਕੋਆਰਡੀਨੇਟਰ ਐੱਨ ਐੱਸ ਐੱਸ ਨੇ ਮੁੱਖ ਵਕਤਾ ਪ੍ਰਿੰਸੀਪਲ ਅਤੇ ਸੈਸ਼ਨ ਵਿੱਚ ਸ਼ਾਮਲ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਪ੍ਰੋ ਜਸਲੀਨ ਕੌਰ ਪ੍ਰੋ ਅਰੁਣਜੀਤ ਕੌਰ, ਪ੍ਰੋ ਮਨੋਹਰ ਸਿੰਘ ਪ੍ਰੋ ਬਲਵਿੰਦਰ ਸਿੰਘ ਚਾਹਲ ਤੋਂ ਇਲਾਵਾ ਹੋਰ ਅਧਿਆਪਕ ਵੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ  ਮੰਚ ਸੰਚਾਲਨ ਡਾ ਮਨਮੀਤ ਸੋਢੀ ਨੇ ਬਾਖੂਬੀ ਕੀਤਾ।