ਲਾਇਲਪੁਰ ਖਾਲਸਾ ਕਾਲਜ ਦੇ ਐੱਨ ਸੀ ਸੀ (ਆਰਮੀ ਵਿੰਗ) ਅਤੇ ਐੱਨ ਸੀ ਸੀ (ਏਅਰ ਵਿੰਗ) ਵਲੋਂ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸੀਨੀਅਰ ਕੈਡਿਟਸ ਨਿਤਿਨ ਵਾਲੀਆ ਅਤੇ ਮਨਪ੍ਰੀਤ ਸਿੰਘ ਨੇ ਕੈਡਿਟਸ ਦੀ ਅਗਵਾਈ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਉਹਨਾਂ ਭਾਰਤੀ ਸੰਵਿਧਾਨ ਦੀ ਸਥਾਪਨਾ ਅਤੇ ਇਸ ਦੇ ਭਾਰਤੀ ਲੋਕਤੰਤਰ ਵਿੱਚ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਆਧਾਰ ਸੰਵਿਧਾਨ ਹੈ। ਸਾਨੂੰ ਸਭ ਨੂੰ ਇਸਦਾ ਸਤਿਕਾਰ ਕਰਦੇ ਹੋਏ ਇਸਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕੈਡਿਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅਜ਼ਾਦੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਹਾਸਿਲ ਹੋਈ ਹੈ। ਲੱਖਾਂ ਲੋਕਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਸੰਘਰਸ਼ ਕੀਤਾ, ਹਜ਼ਾਰਾਂ ਨੇ ਜੇਲ੍ਹਾਂ ਵਿੱਚ ਆਪਣੀਆਂ ਜ਼ਿੰਦਗੀਆਂ ਖਤਮ ਕਰ ਲਈਆਂ ਅਤੇ ਸੈਂਕੜਿਆਂ ਨੇ ਫਾਂਸੀ ਦੇ ਰੱਸੇ ਚੁੰਮੇ। ਇਸ ਲਈ ਇਸ ਅਜ਼ਾਦੀ ਦੀ ਕਦਰ ਕਰਨੀ ਅਤੇ ਇਸਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਅਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਦੇਸ਼ ਨੂੰ ਸੰਵਿਧਾਨ ਮਿਲਿਆ ਅਤੇ ਦੇਸ਼ ਗਣਤੰਤਰ ਬਣਿਆ। ਸੰਵਿਧਾਨ ਨੇ ਦੇਸ਼ ਦੇ ਨਾਗਰਿਕਾਂ ਨੂੰ ਜਿੱਥੇ ਅਧਿਕਾਰ ਦਿੱਤੇ ਹਨ ਉਥੇ ਫਰਜ਼ ਵੀ ਦੱਸੇ ਹਨ। ਸਾਨੂੰ ਪੜ੍ਹੇ ਲਿਖੇ ਨਾਗਰਿਕ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੀ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਨ ਸੀ ਸੀ ਦੇ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਏਅਰ ਤੇ ਆਰਮੀ ਵਿੰਗ ਦੇ ਏ.ਐਨ.ਓ ਪ੍ਰੋ. ਮਨਪ੍ਰੀਤ ਸਿੰਘ ਲਹਿਲ ਤੇ ਡਾ. ਕਰਨਬੀਰ ਸਿੰਘ ਹਾਜ਼ਿਰ ਸਨ।