ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਖੇਡਾਂ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਦਾ ਹੋਇਆ ਖੇਡਾਂ ਨੂੰ ਬਹੁਤ ਪਿਆਰ ਕਰਦਾ ਹੈ। ਲਾਇਲਪੁਰ ਖ਼ਾਲਸਾ ਕਾਲਜ ਦੇ ਹਾਕੀ ਦੇ ਖਿਡਾਰੀਆਂ ਨੇ ਉਲੰਪਿਕ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਹਨ। ਖੇਡਾਂ ਪ੍ਰਤੀ ਪ੍ਰੇਮ ਦਰਸਾਉਂਦਿਆਂ ਕਾਲਜ ਵਿਖੇ ਉਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਭਾਰਤ ਦੁਆਰਾ ਕਾਂਸੇ ਪਦਕ ਜਿੱਤਣ ਦੀ ਖੁਸ਼ੀ ਵਿੱਚ ਇੱਕ ਜਸ਼ਨ ਰੂਪੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ੍ਰੀ ਉਮੇਸ਼ ਕੁਮਾਰ ਜਿਲਾ ਖੇਡ ਅਫ਼ਸਰ, ਸ. ਰਜਿੰਦਰ ਸਿੰਘ ਉਲੰਪੀਅਨ ਤੇ ਦ੍ਰੋਣਾਚਾਰੀਆ ਅਵਾਰਡੀ ਤੇ ਸ. ਗੁਣਦੀਪ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਭ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਭਾਰਤੀ ਹਾਕੀ ਟੀਮ ਦੁਆਰਾ ਉਲੰਪਿਕ ਖੇਡਾਂ ਵਿੱਚ ਕਾਂਸੇ ਪਦਕ ਜਿੱਤਣ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਟੀਮ ਦਾ ਉਲੰਪਿਕ ਹਾਕੀ ਵਿੱਚ ਕਾਂਸੇ ਪਦਕ ਜਿੱਤਣਾ ਸਾਡੇ ਲਈ ਫ਼ਖ਼ਰ ਵਾਲੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਇਸ ਵਿੱਚ ਤਿੰਨ ਖਿਡਾਰੀ ਹਰਮਨਦੀਪ ਸਿੰਘ ਵਾਈਸ ਕੈਪਟਨ, ਵਰੁਣ ਕੁਮਾਰ ਤੇ ਸਿਮਰਨਜੀਤ ਸਿੰਘ ਸਾਡੀ ਸੰਸਥਾ ਦੇ ਵਿਦਿਆਰਥੀ ਰਹੇ ਹਨ ਅਤੇ ਕੁੱਲ ਸੱਤ ਖਿਡਾਰੀ ਪੰਜਾਬ ਤੋਂ ਹਨ। ਉਨ੍ਹਾਂ ਕਾਲਜ ਗਵਰਨਿੰਗ ਕੌਂਸਿਲ ਵਲੋਂ ਹਰੇਕ ਖਿਡਾਰੀ ਨੂੰ 11-11 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦੀ ਘੋਸ਼ਨਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਗੋਲਡ ਮੈਡਲ ਜ਼ਰੂਰ ਜਿੱਤੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਭਾਵਨਾ ਤੇ ਜਿੱਤ ਦੇ ਜਜ਼ਬੇ ਨਾਲ ਮੈਦਾਨ ਵਿੱਚ ਉੱਤਰ ਕੇ ਹਰ ਮੈਦਾਨ ਫ਼ਤਹਿ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਅਧਿਆਪਕਾਂ, ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀ ਖਿਡਾਰੀਆਂ, ਐਨ.ਸੀ.ਸੀ. ਦੇ ਕੈਡੇਟਸ ਤੇ ਵਿਦਿਆਰਥੀਆਂ ਨੂੰ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਡਾ. ਐਸ.ਐਸ.ਬੈਂਸ ਡੀਨ ਸਪੋਰਟਸ, ਪ੍ਰੋ. ਬਲਵਿੰਦਰ ਸਿੰਘ ਮੁਖੀ ਫਿਜ਼ਿਕਸ ਵਿਭਾਗ, ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼, ਪ੍ਰੋ. ਗਗਨਦੀਪ ਸਿੰਘ ਡੀਨ ਐਡਮੀਸ਼ਨ, ਪ੍ਰੋ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਅਫੇਅਰਜ਼, ਪ੍ਰੋ. ਅਹੂਜਾ ਸੰਦੀਪ ਤੋ ਇਲਾਵਾ ਹੋਰ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।