ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਰਾਸ਼ਟਰੀ ਖੇਡ ਹਾਕੀ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਕਾਲਜ ਵਿਖੇ ਹਾਕੀ ਐਸਟਰੋ ਟਰਫ਼ ਦਾ ਉਦਘਾਟਨ ਕੈਬਨਿਟ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸ੍ਰੀ ਰਾਜਿੰਦਰ ਬੇਰੀ ਵਿਧਾਇਕ ਹਲਕਾ ਜਲੰਧਰ ਸੈਂਟਰਲ ਸਹਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਸ. ਰਾਣਾ ਗੁਰਮੀਤ ਸਿੰਘ ਸੋਢੀ ਨੂੰ ਗੁਲਦਸਤੇ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਟੋਕੀਓ ਓਲੰਪਿਕ ਵਿੱਚ ਹਾਕੀ ਦੇ ਵਿਜੇਤਾ ਮਨਪ੍ਰੀਤ ਸਿੰਘ ਕੈਪਟਨ, ਹਰਮਨਪ੍ਰੀਤ ਸਿੰਘ ਉੱਪ ਕਪਤਾਨ,  ਤਰੁਣ ਕੁਮਾਰ ਹਾਰਦਿਕ ਸਿੰਘ ਤੇ ਸ੍ਰੀ ਮਨਦੀਪ ਸਿੰਘ ਆਦਿ ਖਿਡਾਰੀਆਂ ਸਮੇਤ ਸ਼ਾਮਲ 20 ਓਲੰਪੀਅਨ, ਕੋਚ ਸਾਹਿਬਾਨ ਤੇ ਅਫਸਰ ਸਾਹਿਬਾਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਓਲੰਪੀਅਨ ਭਾਰਤੀ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਹਾਕੀ ਓਲੰਪੀਅਨ ਪੈਦਾ ਕੀਤੇ ਹਨ, ਜਿਸ ਦਾ ਸਾਨੂੰ ਬੇਹੱਦ ਫ਼ਖ਼ਰ ਹੈ। ਉਨ੍ਹਾਂ ਕਾਲਜ ਵਲੋਂ ਖੇਡਾਂ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਚੱਲ ਰਹੇ ਪ੍ਰੋਜੈਕਟਾਂ ਸੰਬੰਧੀ ਵੀ ਮੁੱਖ ਮਹਿਮਾਨ ਰਾਣਾ ਸੋਢੀ ਨੂੰ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ  ਰਾਣਾ ਗੁਰਮੀਤ ਸਿੰਘ ਸੋਢੀ ਨੇ ਬੋਲਦਿਆਂ ਲਾਇਲਪੁਰ ਖ਼ਾਲਸਾ ਕਾਲਜ ਦੇ ਖੇਡਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ ਅਤੇ ਟੋਕਿਓ ਓਲੰਪਿਕ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਲਈ ਕਿਹਾ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਹਾਕੀ ਦਾ ਐਸਟਰੋ ਟਰਫ਼ ਇਲਾਕੇ ਦੇ ਖਿਡਾਰੀਆਂ ਲਈ ਵੱਡਾ ਤੋਹਫਾ ਹੈ, ਉਨ੍ਹਾਂ ਇਸ ਗਰਾਊਂਡ ਤੋਂ ਭਵਿੱਖ ਦੇ ਓਲੰਪੀਅਨ ਪੈਦਾ ਹੋਣ ਦੀ ਸਮਾਜ ਤੋਂ ਆਸ ਜਤਾਈ। ਉਨ੍ਹਾਂ ਕਾਲਜ ਦੇ ਖੇਡ ਵਿੰਗ ਨੂੰ ਮਜ਼ਬੂਤ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਸਰਦਾਰ ਬਲਬੀਰ ਸਿੰਘ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਵੀ ਸਾਂਝੀਆ ਕੀਤੀਆਂ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਸੁਰਿੰਦਰ ਪਾਲ ਮੰਡ ਨੇ ਕੀਤਾ। ਅੰਤ ਵਿੱਚ ਡਾ. ਐਸ.ਐਸ.ਬੈਂਸ, ਡੀਨ ਸਪੋਰਟਸ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਗੁਰਪ੍ਰੀਤ ਸਿੰਘ ਜਿਲ੍ਹਾਂ ਖੇਡ ਅਫਸਰ, ਸ. ਇਕਬਾਲ ਸਿੰਘ ਸੰਧੂ ਸੈਕਟਰੀ ਹਾਕੀ ਸੋਸਾਇਟੀ, ਸ. ਸੁਰਿੰਦਰ ਸਿੰਘ ਭਾਪਾ ਜੀ,  ਰਾਣਾ ਟੁਟ, ਸ. ਰਾਜਿੰਦਰ ਸਿੰਘ ਦਰੋਣਾਚਾਰਿਆ ਅਵਾਰਡੀ ਗੁਣਦੀਪ ਕੁਮਾਰ ਓਲੰਪੀਅਨ, ਸ. ਹਰਪ੍ਰੀਤ ਸਿੰਘ ਮੰਡੇਰ, ਸ੍ਰੀ. ਸੰਜੀਵ ਕੁਮਾਰ ਡੰਗ, ਸ. ਦਵਿੰਦਰ ਸਿੰਘ ਗਰਚਾ, ਕਰਨਲ ਬਲਬੀਰ ਸਿੰਘ, ਸ. ਹਰਜੀਤ ਸਿੰਘ ਓਲੰਪੀਅਨ,  ਕ੍ਰਿਸ਼ਨਾ ਵੀ ਪਾਠਕ ਓਲੰਪੀਅਨ, ਸ. ਪਰਮਿੰਦਰ ਸਿੰਘ ਓਲੰਪੀਅਨ, ਸ. ਜੁਗਰਾਜ ਸਿੰਘ ਓਲੰਪੀਅਨ, ਸ. ਦਵਿੰਦਰ ਸਿੰਘ, ਸ. ਪਰਵਿੰਦਰ ਸਿੰਘ ਆਦਿ ਅੰਤਰ ਰਾਸ਼ਟਰੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।