
ਜਲੰਧਰ (ਨਿਤਿਨ):ੳਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ “ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬ ਦੇ ਅਣਗੋਲੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ” ਵਿਸ਼ੇ ਉਪਰ ਸ਼ੁਰੂ ਹੋਇਆ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਅੱਜ ਸੰਪਨ ਹੋਇਆ। ਇਹ ਸੈਮੀਨਾਰ ਇੰਡੀਅਨ ਕੌਂਸਲ ਫਾਰ ਸੋਸ਼ਲ ਸਾਇੰਸ ਐਂਡ ਰਿਸਰਚ, ਨਵੀਂ ਦਿੱਲੀ ਵਲੋਂ ਵਲੋਂ ਸਪਾਂਸਰ ਕੀਤਾ ਗਿਆ ਹੈ। ਸੈਮੀਨਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਦਿਆਂ ਪਿੰ੍ਰਸੀਪਲ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਨੌਜ਼ਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਡਾ. ਚਰਨਜੀਤ ਕੌਰ ਮਾਨ, ਐਸੋਸੀਏਟ ਪ੍ਰੋਫੈਸਰ, ਅਮਰਦੀਪ ਸਿੰਘ ਸ਼ੇਰਗਿਲ ਮੈਮੋਰੀਅਲ ਕਾਲਜ, ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ 1913-1915 ਦੀ ਗਦਰ ਲਹਿਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਗਦਰ ਪਾਰਟੀ ਦੀ ਕ੍ਰਾਂਤੀਕਾਰੀ ਵੀਰਾਂਗਣਾ ਗੁਲਾਬ ਕੌਰ ਦੀ ਜੀਵਨ ਗਾਥਾ ਨੂੰ ਇਤਿਹਾਸਿਕ ਪਰਿਪੇਖ ਵਿੱਚ ਪੇਸ਼ ਕੀਤਾ। ਸ਼੍ਰੀ ਗੁਰੂ ਤੇਗ ਬਹਾਦੁਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਅਸਿਸਟੈਂਟ ਪ੍ਰੋਫੈਸਰ ਡਾ. ਰੂਪਮ ਜਸਮੀਤ ਕੌਰ ਨੇ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਦੇ ਬਣਨ ਦੇ ਪਿਛੋਕੜ ਬਾਰੇ ਦੱਸਿਆ। ਪੈਪਸੂ ਵਿੱਚ ਹੋਏ ਕਿਸਾਨੀ ਸੰਘਰਸ਼ ਦੇ ਕਈ ਅਣਛੋਹੇ ਪਹਿਲੂਆਂ ਬਾਰੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਡਾ. ਕੁਲਨਾਜ਼ ਕੌਰ, ਅਸਿਸਟੈਂਟ ਪ੍ਰੋਫੈਸਰ, ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਨੇ ਲਾਡੋ ਰਾਣੀ ਜੁਤਸ਼ੀ, ਜੋ ਕਿ ਪੰਜਾਬ ਵਿੱਚ 1919 ਦੇ ਜ਼ਲਿਆਂ ਵਾਲੇ ਬਾਗ ਤੋਂ ਪ੍ਰਭਾਵਿਤ ਹੋ ਕੇ ਸੁਤੰਤਰਤਾ ਅਜ਼ਾਦੀ ਸੰਘਰਸ਼ ਵਿੱਚ ਸ਼ਾਮਿਲ ਹੋਏ ਸਨ ਦੀ ਜੀਵਨ ਗਾਥਾ ਨੂੰ ਬਿਆਨ ਕੀਤਾ। ਉਹ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤੇ ਗਏ ਰੌਲਟ ਸਤਿਆਗ੍ਰਹਿ, ਸਿਵਲ ਨਾ-ਫੁਰਮਾਨੀ ਅੰਦੋਲਨ, ਭਾਰਤ ਛੱਡੋ ਅੰਦੋਲਨ ਵਿੱਚ ਅੰਗਰੇਜ਼ੀ ਹਕੂਮਤ ਵਲੋਂ ਗ੍ਰਿਫਤਾਰ ਕੀਤੇ ਗਏ। ਯੂਨੈਸਕੋ ਦੇ ਨਿਰੀਖਿਅਕ ਸ਼੍ਰੀ ਸੁਰਿੰਦਰ ਸੈਣੀ ਨੇ ਆਪਣੇ ਪਿਤਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਅਜ਼ਾਦ ਹਿੰਦ ਫੌਜ਼ ਦਾ ਹਿੱਸਾ ਰਹੇ ਸ. ਅਜੀਤ ਸਿੰਘ ਸੈਣੀ ਦੇ ਜੀਵਨ ਰਾਹੀਂ ਦੂਜੇ ਵਿਸ਼ਵ ਯੁੱਧ ਤੋਂ ਉਪਜੇ ਸਿਆਸੀ ਹਾਲਾਤਾਂ ਬਾਰੇ ਚਰਚਾ ਕੀਤੀ ਅਤੇ ਅਜ਼ਾਦ ਹਿੰਦ ਫੌਜ਼ ਦੀ ਸਥਾਪਨਾ, ਇਸਦਾ ਕਾਰਜ ਖੇਤਰ, ਸਫਲਤਾਵਾ ਅਤੇ ਅਸਫਲਤਾਵਾਂ ਬਾਰੇ ਦੱਸਿਆ। ਅੰਮ੍ਰਿਤਸਰ ਵਿੱਚ ਆਈ.ਟੀ.ਆਈ. ਲੋਪੋਕੇ ਤੋਂ ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋਏ ਸ. ਸੁਰਿੰਦਰ ਸਿੰਘ ਨੇ ਆਪਣੇ ਪਿਤਾ ਸ. ਜੈਮਲ ਸਿੰਘ ਦੇ ਅਜ਼ਾਦੀ ਸੰਗਰਸ਼ ਵਿੱਚ ਯੋਗਦਾਨ ਨੂੰ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਸ. ਜੈਮਲ ਸਿੰਘ ਜਲਿ੍ਹਆਂ ਵਾਲੇ ਬਾਗ ਦੀ ਘਟਨਾ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੰਗਰੇਜ਼ੀ ਹਕੂਮਤ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਕੀਤਾ। ਇਸੇ ਤਰ੍ਹਾਂ ਸ. ਗਿਆਨ ਸਿੰਘ ਨੇ, ਜੋ ਕਿ ਸੁਤੰਤਰਤਾਂ ਸੰਗਰਾਮੀਆਂ ਦੇ ਪਰਿਵਾਰਾਂ ਨਾਲ ਜੁੜੀ ਸੰਸਥਾਂ ਦੀ ਨੁੰਮਾਇੰਦਗੀ ਕਰਦੇ ਹਨ ਨੇ ਵਰਤਮਾਨ ਸਮੇਂ ਵਿੱਚ ਸਰਕਾਰਾਂ ਦੇ ਵਤੀਰੇ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਵੀ ਅੰਗਰੇਜ਼ੀ ਹਕੂਮਤ ਦਾ ਦਮਨ ਬਰਦਾਸ਼ਤ ਕੀਤਾ। ਸੈਸ਼ਨ ਦੇ ਅੰਤ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਮਨ ਚੋਪੜਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਆਏ ਹੋਏ ਵਿਦਵਾਨਾਂ ਵਲੋਂ ਅਜ਼ਾਦੀ ਸੰਗਰਾਮ ਦੇ ਕਈ ਅਣਛੋਏ ਪੱਖਾਂ ਬਾਰੇ ਵਿਦਵਤਾਪੂਰਕ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਡਾ. ਅਮਨਦੀਪ ਕੌਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਡਾ. ਅਜੀਤਪਾਲ ਸਿੰਘ, ਡਾ. ਬਲਰਾਜ ਸਿੰਘ, ਪ੍ਰੋ. ਉਕਾਂਰ ਸਿੰਘ, ਪ੍ਰੋ. ਭਾਵਨਾ, ਪ੍ਰੋ. ਪ੍ਰੀਤੀ, ਪ੍ਰੋ. ਅਨੂ ਮੂਮ ਨੇ ਇਸ ਸੈਮੀਨਾਰ ਨੂੰ ਸਫਲ ਕਰਨ ਵਿੱਚ ਇਕ ਟੀਮ ਵਜੋਂ ਕੰਮ ਕੀਤਾ। ਇਸ ਮੌਕੇ ਸੈਮੀਨਾਰ ਕਨਵੀਨਰ ਡਾ. ਕਰਨਬੀਰ ਸਿੰਘ, ਡਾ. ਰਛਪਾਲ ਸਿੰਘ ਸੰਧੂ, ਡਾ. ਸਿਮਰਨਜੀਤ ਸਿੰਘ ਬੈਂਸ, ਡਾ. ਨਵਦੀਪ ਕੌਰ, ਡਾ. ਮਨਪ੍ਰੀਤ ਕੌਰ, ਡਾ. ਸੁਰਿੰਦਰਪਾਲ ਮੰਡ, ਡਾ. ਹਰਜਿੰਦਰ ਸਿੰਘ, ਪ੍ਰੋ. ਕੁਲਦੀਪ ਸੋਢੀ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ।