ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵੱਲੋਂ ਮਾਸਟਰ ਇੰਨ ਟੂਰਿਜ਼ਮ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਲਗਾਇਆ ਗਿਆ। ਵਿਦਿਆਰਥੀਆਂ ਨੂੰ ਟੂਰ ਲਈ ਰਵਾਨਾ ਕਰਨ ਸਮੇਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਟੂਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਉਹਨਾਂ ਕਿਹਾ ਕਿ ਟੂਰਿਜ਼ਮ ਮੈਨੇਜਮੈਂਟ ਦੇ ਵਿਦਿਆਰਥੀ ਹੋਣ ਦੇ ਨਾਤੇ ਇਹ ਟੂਰ ਟੂਰਿਜ਼ਮ ਦੇ ਨਜ਼ਰੀਏ ਤੋਂ ਲਗਾਉਣਾ ਚਾਹੀਦਾ ਹੈ। ਇਸ ਵਿੱਦਿਅਕ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਟੂਰਿਜ਼ਮ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਦੇਣ ਅਤੇ ਚੰਡੀਗੜ੍ਹ ਦੀ ਸੁੰਦਰਤਾ ਤੇ ਆਕਰਸ਼ਣ ਦੀ ਜਾਣਕਾਰੀ ਦੇਣਾ ਰਿਹਾ। ਟੂਰ ਦੇ ਅਧਿਆਪਕ ਇੰਚਾਰਜ ਪ੍ਰੋ. ਵਿਨੀਤ ਗੁਪਤਾ ਨੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਸ਼ਹਿਰ ਦੇ ਇਤਿਹਾਸ ਅਤੇ ਆਲੇ-ਦੁਆਲੇ ਸੰਬੰਧੀ ਜਾਣਕਾਰੀ ਦਿੱਤੀ। ਇਹ ਵਿੱਦਿਅਕ ਟੂਰ ਸੁੱਖਣਾ ਲੇਕ ਤੋਂ ਸ਼ੁਰੂ ਹੋਇਆ, ਜਿੱਥੇ ਵਿਦਿਆਰਥੀਆਂ ਨੇ ਉਪਲਭਦ ਟੂਰਿਜ਼ਮ ਸਹੂਲਤਾਂ, ਖਾਣੇ, ਬੋਅਟਿੰਗ, ਕੈਮਲ ਰਾਈਡਿੰਗ, ਪੋਰਟਰੇਟ ਮੇਕਿੰਗ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਥੇ ਵਿਦਿਆਰਥੀਆਂ ਨੇ ਕਈ ਟੂਰਿਸਟਾਂ ਨਾਲ ਵੀ ਗੱਲਬਾਤ ਕੀਤੀ ਤੇ ਅਨੁਭਵ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਰਕਾਰੀ ਮਿਊਜ਼ੀਅਮ ਅਤੇ ਆਰਟ ਗੈਲਰੀ ਦਾ ਦੌਰਾ ਵੀ ਕੀਤਾ। ਇਥੇ ਵਿਦਿਆਰਥੀਆਂ ਨੇ ਧਾਤ ਦੀਆਂ ਬਣੀਆਂ ਬੁੱਤ ਕਲਾਕ੍ਰਿਤੀਆਂ, ਪੱਥਰ ਤੋਂ ਬਣੀਆਂ ਕਲਾਕ੍ਰਿਤੀਆਂ, ਸਜਾਵਟੀ ਕਲਾਕ੍ਰਿਤੀਆਂ, ਦੁਰਲੱਭ ਸਿੱਕੇ, ਪੌਟਰੀ ਸੈਕਸ਼ਨ, ਆਧੁਨਿਕ ਭਾਰਤੀ ਅਤੇ ਪੁਰਾਤਨ ਕਲਾਕ੍ਰਿਤੀਆਂ ਵੇਖੀਆਂ ਤੇ ਜਾਣਕਾਰੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਿਦਿਆਰਥੀਆਂ ਨੇ ਬਹੁਚਰਚਿਤ ਤੇ ਪ੍ਰਸਿੱਧ ਰੌਕ ਗਾਰਡਨ ਦਾ ਦੌਰਾ ਕੀਤਾ। ਇਥੇ ਟੂਰਿਜ਼ਮ ਦੇ ਵਿਦਿਆਰਥੀਆਂ ਨੇ ਰੌਕ ਗਾਰਡਨ ਦੇ ਸ਼ਿਲਪਕਾਰ ਨੇਕ ਚੰਦ ਦੁਆਰਾ ਫਾਲਤੂ ਸਮਾਨ ਦੀ ਵਰਤੋਂ ਕਰਕੇ ਰੌਕ ਗਾਰਡਨ ਬਣਾਉਣ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਸ ਵਿੱਦਿਅਕ ਟੂਰ ਵਿੱਚ ਵਿਦਿਆਰਥੀਆਂ ਦੇ ਨਾਲ ਪ੍ਰੋ. ਵਿਨੀਤ ਕੁਮਾਰ ਗੁਪਤਾ ਅਤੇ ਪ੍ਰੋ. ਜੋਤੀ ਵੋਹਰਾ ਸ਼ਾਮਲ ਹਨ।