ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਲਗਾਈ ਗਈ ਪੰਜਾਬ ਦੀ ਵਿਰਾਸਤ ਨਾਲ ਸੰਬੰਧਿਤ ਲੋਕ-ਕਲਾ ਪ੍ਰਦਰਸ਼ਨੀ ਵਿਚ ਭਾਗ ਲਿਆ ਗਿਆ। ਇਸ ਪ੍ਰਦਰਸ਼ਨੀ ਵਿਚ ਕਾਲਜ ਵਲੋਂ ਇਕ ਸੌ ਤੀਹ ਦੇ ਕਰੀਬ ਪੰਜਾਬੀ ਵਿਰਸੇ ਨਾਲ ਸੰਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਚਰਖ਼ਾ ਕੱਤਦੀ ਮੁਟਿਆਰ, ਚੱਕੀ ਨਾਲ ਆਟਾ ਪੀਂਹਦੀ ਸੁਆਣੀ, ਖੇਤੀਬਾੜੀ ਸੰਬੰਧੀ ਵਿਸ਼ੇਸ਼ ਵਸਤਾਂ, ਪੁਰਾਣੇ ਸਮੇਂ ਦੇ ਦੁਰਲਭ ਬਰਤਨ, ਹੱਥ ਦੀਆਂ ਬਣੀਆਂ ਚਾਦਰਾਂ, ਦਰੀਆਂ, ਪੱਖੀਆਂ, ਸਜਾਵਟ ਦਾ ਸਾਮਾਨ, ਪੁਰਾਣੀ ਲਿਖਤ ਸੰਗੀਤਕ ਸਾਜ਼, ਲੋਕ-ਖੇਡਾਂ ਨਾਲ ਸੰਬੰਧਿਤ ਸਮਾਨ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਪੁਰਾਤਨ ਸਾਜ਼ੋ ਸਮਾਨ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਸ ਪ੍ਰਦਰਸ਼ਨੀ ਨੂੰ ਦੇਖਣ ਆਏ ਯੂਨੀਵਰਸਿਟੀ ਦੇ ਵੱਖ-ਵੱਖ ਉੱਚ-ਅਧਿਕਾਰੀਆਂ ਨੇ ਇਸ ਨੁਮਾਇਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਪ੍ਰਸੰਸਾ ਕੀਤੀ। ਇਸ ਲੋਕ ਕਲਾ ਪ੍ਰਦਰਸ਼ਨੀ ਬਾਰੇ ਦੱਸਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਸਾਨੂੰ ਖੁਸ਼ੀ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਨੇ ਆਪਣੇ ਵਿਰਸੇ ਨੂੰ ਹਰ ਪੱਧਰ ਤੇ ਸੰਭਾਲ ਕੇ ਰੱਖਿਆ ਹੋਇਆ ਹੈ ਉਹਨਾਂ ਕਿਹਾ ਕਿ ਭਵਿੱਖ ਵਿੱਚ ਪੰਜਾਬੀ ਵਿਰਸੇ ਨੂੰ ਸਮਰਪਿਤ ਹੋਰ ਵੀ ਉਸਾਰੂ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਪ੍ਰਦਰਸ਼ਨੀ ਲਈ ਕਾਰਗੁਜ਼ਾਰੀ ਕਰਨ ਵਾਲੇ ਕਾਲਜ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਗੁਰਪ੍ਰੀਤ ਸਿੰਘ ਬੁੱਟਰ, ਪ੍ਰੋ. ਸੁਖਰਾਜ ਕੌਰ ਅਤੇ ਵਿਦਿਆਰਥੀਆਂ ਵਿੱਚ ਬਬੀਤਾ ਅਤੇ ਜੋਤੀ ਨੇ ਇਸ ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਹਿਤ ਭਰਪੂਰ ਯੋਗਦਾਨ ਦਿੱਤਾ।