ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਕਾਦਮਿਕ, ਪੜ੍ਹਾਈ ਤੇ ਹੋਰ ਪਾਠ ਸਹਾਇਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਮੁੱਚੇ ਜੀਵਨ ਵਿੱਚ ਵਡਮੁੱਲਾ ਯੋਗਦਾਨ ਪਾਉਂਦਾ ਹੈ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਕਮਿਸਟਰੀ ਵਿਭਾਗ ਦੀ ਮੈਂਡਲੀਵ ਸੋਸਾਇਟੀ ਦੁਆਰਾ ‘ਫੈਸੀਨੇਟਿੰਗ ਫੈਕਟਸ ਔਨ ਐਡਵਾਂਸ ਇਨ ਕਮਿਸਟਰੀ’ ਵਿਸ਼ੇ ’ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਰਾਕੇਸ਼ ਕੁਮਾਰ, ਕਮਿਸਟਰੀ ਵਿਭਾਗ ਦਿੱਲੀ ਯੂਨੀਵਰਸਿਟੀ ਤੋਂ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਦੀ ਮੁਖੀ ਪ੍ਰੋ. ਅਰੁਨਜੀਤ ਕੌਰ ਨੇ ਮੁੱਖ ਵਕਤਾ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਇਹ ਲੈਕਚਰ ਕਰਵਾਉਣਾ ਕਮਿਸਟਰੀ ਵਿਭਾਗ ਦਾ ਮਹੱਤਵਪੂਰਨ ਉਪਰਾਲਾ ਹੈ। ਵਿਦਿਆਰਥੀਆਂ ਨੂੰ ਵਿਦਵਾਨ ਪ੍ਰੋਫੈਸਰ ਡਾ. ਰਕੇਸ਼ ਕੁਮਾਰ ਦੀ ਖੋਜ ਅਤੇ ਅਧਿਐਨ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਭਾਗ ਦੀ ਮੈਂਡਲੀਵ ਸੋਸਾਇਟੀ ਦੇ ਵਿਦਿਆਰਥੀਆਂ ਵਿੱਚ ਖੋਜ ਸੰਬੰਧੀ ਚਿਣਗ ਜਗਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਮੁੱਖ ਵਕਤਾ ਡਾ. ਰਾਕੇਸ਼ ਕੁਮਾਰ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ ਕੌਮੋਸੈਂਸਰ ਪਾਣੀ ਵਿੱਚ ਘੁਲੇ ਖਾਸ ਤਰਾਂ ਦੇ ਲੋਹੇ ਤੇ ਤਾਂਬੇ ਦੇ ਜ਼ਹਿਰੀਲੇ ਕੈਮੀਕਲਾਂ ਦਾ ਪਤਾ ਲਗਾ ਲੈਂਦਾ ਹੈ। ਉਨਾਂ ਐਂਟੀਮਾਈਕ੍ਰੋਬੀਅਨ, ਐਂਟੀਹਾਈਪਰਟੈਂਸਿਵ ਅਤੇ ਐਂਟੀ ਕੈਂਸਰ ਦੀਆਂ ਦਵਾਈਆਂ ਬਣਾਉਣ ਦੀ ਵਿਧੀ ’ਤੇ ਧਿਆਨ ਕੇਂਦਰਤ ਕੀਤਾ। ਵਿਭਾਗ ਦੀ ਮੁਖੀ ਪ੍ਰੋ. ਅਰੁਨਜੀਤ ਕੌਰ ਨੇ ਮੁੱਖ ਵਕਤਾ, ਪ੍ਰਿੰਸੀਪਲ ਡਾ. ਸਮਰਾ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਰਜਨੀਸ਼ ਮੌਦਗਿਲ, ਪ੍ਰੋ. ਭੁਪਿੰਦਰਪਾਲ, ਡਾ. ਵਿਕਾਸ ਕੁਮਾਰ, ਡਾ. ਹਰਸ਼ ਅਰੋੜਾ, ਡਾ. ਹਰਜਿੰਦਰ ਕੌਰ, ਪ੍ਰੋ. ਸ਼ਿਫਾਲੀ ਅਤੇ ਪੋ੍ਰ. ਹਰਬਿੰਦਰ ਕੌਰ ਹਾਜ਼ਰ ਸਨ