ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਲਈ ਕਾਰਜ
ਕਰਨ ਲਈ ਜਾਣਿਆਂ ਜਾਂਦਾ ਹੈ। ਕਾਲਜ ਦਾ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਸਭ ਤੋਂ ਪੁਰਾਣਾ
ਵਿਭਾਗ ਹੈ। ਭਾਸ਼ਾ ਵਿਭਾਗ ਪੰਜਾਬ ਦੁਆਰਾ ਪਿਛਲੇ ਦਿਨੀਂ ਵੱਖ-ਵੱਖ ਕੈਟੇਗਰੀਜ਼ ਲਈ ਸ਼੍ਰੋਮਣੀ
ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ
ਲਗਾਤਾਰ ਕੰਮ ਕਰਨ ਬਦਲੇ ਕੁਲਵਿੰਦਰ ਬੁੱਟਰ, ਰਿਟਾਇਰਡ, ਪ੍ਰੋਗਰਾਮ ਐਗਜ਼ੀਕਿਊਟ ਦੂਰਦਰਸ਼ਨ
ਕੇਂਦਰ ਜਲੰਦਰ ਨੂੰ ਟੈਲੀਵੀਜ਼ਨ/ਰੇਡੀਓ/ ਫਿਲਮ ਕੈਟੈਗਰੀ ਵਿੱਚ ਸ਼੍ਰੋਮਣੀ ਪੁਰਸਕਾਰ 2016 ਲਈ ਚੁਣੇ
ਜਾਣ ’ਤੇ ਕਾਲਜ ਵਿਖੇ ਉਨਾਂ ਨੂੰ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਵਧਾਈ
ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਕੁਲਵਿੰਦਰ
ਬੁੱਟਰ ਦੀਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਡਮੁੱਲੀਆਂ ਸੇਵਾਵਾਂ ਬਾਰੇ ਵਿਚਾਰ
ਚਰਚਾ ਕੀਤੀ। ਉਹਨਾਂ ਕਿਹਾ ਕਿ ਮੈਡਮ ਬੁੱਟਰ ਪੰਜਾਬੀ ਭਾਸ਼ਾ ਤੇ ਪੰਜਾਬੀ ਸਭਿਆਚਾਰ ਦੀ ਸੇਵਾ
ਲਈ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਹਨ। ਇਸੇ ਕਰਕੇ ਪੰਜਾਬ ਸਰਕਾਰ ਦੁਆਰਾ ਉਨ੍ਹਾਂ
ਨੂੰ ਇਹ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਪ੍ਰੋ. ਗੋਪਾਲ ਸਿੰਘ
ਬੁੱਟਰ ਨੂੰ ਵੀ ਇਸ ਪੁਰਸਕਾਰ ਲਈ ਵਧਾਈ ਦਿੱਤੀ। ਡਾ. ਸਮਰਾ ਨੇ ਕਿਹਾ ਕਿ ਮੈਡਮ ਬੁੱਟਰ ਨੇ 35
ਸਾਲ ਦੂਰਦਰਸ਼ਨ ਵੱਡਮੁਲੀਆਂ ਸੇਵਾਵਾਂ ਦਿੱਤੀਆ। ਜਿਸ ਦੌਰਾਨ ਉਨ੍ਹਾਂ ਕਵੀ ਦਰਬਾਰ ਤੇ ਸਾਹਿਤਕ
ਪ੍ਰੋਗਰਾਮ ਦਾ ਨਿਰਮਾਣ ਤੇ ਨਿਰਦੇਸ਼ਨ ਦਾ ਕਾਰਜ ਕੀਤਾ। ਇਸ ਦੇ ਨਾਲ ਹੀ ਉਹਨਾਂ ਟੈਲੀਫਿਲਮਾਂ ਤੇ
ਡਾਕੂਮੈਂਟਰੀਆ ਦੇ ਨਿਰਮਾਣ ਦਾ ਵੀ ਮਹੱਤਵਪੂਰਨ ਕੰਮ ਕੀਤਾ। ਜਿਨ੍ਹਾਂ ਵਿੱਚ ਧੀਆਂ ਪੰਜਾਬ
ਦੀਆਂ, ਨਾਰੀ ਮੰਚ ਅਤੇ ਸੁਪਨਿਆਂ ਦੀ ਉਡਾਣ ਬਹੁ-ਚਰਚਿਤ ਪ੍ਰੋਗਰਾਮ ਰਹੇ। ਉਹਨਾਂ ਕਿਹਾ ਕਿ
ਕਾਲਜ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਪ੍ਰੋ. ਗੋਪਾਲ ਸਿੰਘ ਬੁੱਟਰ ਦੀ ਸੁਯੋਗ ਅਗਵਾਈ
ਵਿੱਚ ਪੰਜਾਬੀ, ਭਾਸ਼ਾ ਸਾਹਿਤ ਤੇ ਸਭਿਆਚਾਰ ਦੀ ਨਿਰੰਤਰ ਸੇਵਾ ਕਰ ਰਿਹਾ ਹੈ। ਇਸ ਮੌਕੇ
ਪੰਜਾਬੀ ਵਿਭਾਗ ਦੇ ਪ੍ਰੋ. ਸੁਰਿੰਦਰਪਾਲ ਮੰਡ, ਪ੍ਰੋ. ਹਰਜਿੰਦਰ ਸਿੰਘ ਅਤੇ ਪ੍ਰੋ. ਕੁਲਦੀਪ ਸੋਢੀ
ਨੇ ਵੀ ਸ੍ਰੀਮਤੀ ਕੁਲਵਿੰਦਰ ਬੁੱਟਰ ਨੂੰ ਵਧਾਈ ਦਿੱਤੀ।