ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿਚ ਵੀ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ। ਇਸੇ ਤਹਿਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਅਰਵਿੰਦਰ ਸਿੰਘ ਨੇ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਤਰਨ, ਤਾਰਨ ਵਿਖੇ ਗੁਰੂ ਤੇਗ ਬਹਾਦਰ  ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਇੰਟਰਨੈਸ਼ਨਲ ਮਿਊਜ਼ਿਕ ਈ-ਕੰਪੀਟੀਸ਼ਨ ਵਿਚ ਭਾਗ ਲੈਂਦਿਆਂ ਸ਼ਬਦ ਗਾਇਨ ਵਿਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਇੰਟਰਨੈਸ਼ਨਲ ਈ-ਕੰਪਟੀਟੀਸ਼ਨ ਵਿਚ ਸ੍ਰੀਲੰਕਾ ਅਤੇ ਕਨੇਡਾ ਆਦਿ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥੀ ਅਰਵਿੰਦਰ ਸਿੰਘ ਅਤੇ ਵਿਭਾਗ ਦੇ ਮੁੱਖੀ ਪ੍ਰੋ. ਸੁਖਦੇਵ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਆਪਣੀ ਪ੍ਰਤਿਭਾ, ਲਗਨ ਅਤੇ ਮਿਹਨਤ ਸਦਕਾ ਉੱਚ ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਪ੍ਰਤਿਭਾਵਾਨ ਵਿਦਿਆਰਥੀ ਕਲਾਕਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬਧ ਹੈ। ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਜੀਵਨ ਵਿਚ ਆਪਣੀ ਕਲਾ ਨੂੰ ਹੋਰ ਪ੍ਰਪੱਕ ਅਤੇ ਬਿਹਤਰੀਨ ਬਣਾਉਣ ਲਈ ਰਿਆਜ਼ ਕਰਦੇ ਰਹਿਣ ਅਤੇ ਸਿੱਖਦੇ ਰਹਿਣ ਲਈ ਕਿਹਾ। ਇਸ ਮੌਕੇ ਪ੍ਰੋ. ਸੁਖਦੇਵ ਸਿੰਘ ਨੇ ਭਰੋਸਾ ਵਿਦਿਆਇਆ ਕਿ ਸੰਗੀਤ ਵਿਭਾਗ ਦੇ ਵਿਦਿਆਰਥੀ ਤੇ ਅਧਿਆਪਕ ਤਨੋ-ਮਨੋ ਕਾਲਜ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸੰਗੀਤ ਵਿਭਾਗ ਦੇ ਪ੍ਰੋ. ਗੁਰਚੇਤਨ ਸਿੰਘ ਅਤੇ ਪ੍ਰੋ. ਅੰਕੁਸ਼ ਗਿੱਲ ਵੀ ਹਾਜ਼ਰ ਸਨ।