ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਪੜ੍ਹਾਈ ਤੋਂ ਇਲਾਵਾ ਕਲਾ ਦੇ ਖੇਤਰ ਵਿੱਚ ਵੀ ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਇਸੇ ਲੜੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸੀ.ਟੀ. ਇੰਸਟੀਚਿਊਟ, ਮਕਸੁਦਾ ਵਿਖੇ ਹੋਏ ਸਮਾਗਮ ‘ਕਲਰਜ਼-2021’ ਵਿੱਚ ਭਾਗ ਲੈਂਦਿਆਂ ਫੈਸ਼ਨ ਸ਼ੋਅ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ‘ਕਲਰਜ਼-2021’ ਵਿੱਚ ਡਾ. ਪਲਵਿੰਦਰ ਸਿੰਘ, ਡਿਪਟੀ ਡੀਨ ਅਤੇ ਡਾ. ਅਜੀਤ ਪਾਲ ਸਿੰਘ ਤੇ ਪ੍ਰੋ. ਸ਼ਿਫਾਲੀ ਤਨੇਜਾ ਇੰਚਾਰਜਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਫੈਸ਼ਨ ਸ਼ੋਅ ਵਿੱਚ ਆਸ਼ਮੀਨ ਕੌਰ ਬੈਂਸ, ਮਨਦੀਪ ਕੌਰ ਮਾਨ, ਜਪਜੀ ਅਤੇ ਪੱਲਵੀ ਭਾਰਦਵਾਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਕਾਲਜ ਨੂੰ ਹਮੇਸ਼ਾਂ ਫ਼ਖ਼ਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਕਲਾਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਵੀ ਜਿੱਤਾਂ ਦਰਜ ਕਰਦੇ ਹਨ। ਉਹਨਾਂ ਅਧਿਆਪਕਾਂ ਦੀ ਸਮੁੱਚੀ ਟੀਮ ਨੁੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣ ਲਈ ਵੀ ਕਿਹਾ।