ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਨੇ ਪਰਾਲੀ ਸਾੜਨ ਵਿਰੁੱਧ ਦੋ ਹਫ਼ਤਿਆਂ ਪਹਿਲਾਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਈਏ। ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਮਲਚਿੰਗ, ਕੰਪੋਸਟ ਅਤੇ ਸਟਾਕਿੰਗ ਵਰਗੇ ਕਈ ਹੋਰ ਤਰੀਕੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਹੀ ਸਾਡੀ ਸੋਚ ਵਿੱਚ ਤਬਦੀਲੀ ਲਿਆ ਸਕਦੇ ਹਨ। ਉਨ੍ਹਾਂ ਨੇ ਹੀ ਇਸ ਸੰਦੇਸ਼ ਨੂੰ ਮੈਦਾਨੀ ਪੱਧਰ ’ਤੇ ਲੈ ਕੇ ਜਾਣਾ ਹੈ। ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਕੈਂਪਸ ਵਿੱਚ ਇੱਕ ਰੈਲੀ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਪਰਾਲੀ ਨਾ ਸਾੜਨ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਾਅਰੇ ਲਾਏ। ਫਿਰ, ਜਿਵੇਂ ਕਿ ਪ੍ਰਿੰਸੀਪਲ ਡਾ. ਸਮਰਾ ਨੇ ਸੁਝਾਅ ਦਿੱਤਾ, ਵਲੰਟੀਅਰਾਂ ਨੂੰ ਸੇਵਾਦਾਰ ਸਮੂਹਾਂ ਵਿੱਚ ਵੰਡਿਆ ਗਿਆ ਅਤੇ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦਾ ਕੰਮ ਸੌਂਪਿਆ ਗਿਆ। ਇਸ 2 ਹਫਤੇ ਦੀ ਮੁਹਿੰਮ ਦੌਰਾਨ ਵਲੰਟੀਅਰਾਂ ਨੇ ਸੁਲਤਾਨਪੁਰ ਲੋਧੀ ਅਨਾਜ ਮੰਡੀ, ਬੇਈਂ ਨਦੀ ਰੋਡ, ਸੁਲਤਾਨਪੁਰ ਦਿਹਾਤੀ, ਜਲੰਧਰ ਸ਼ਹਿਰ, ਤੱਲ੍ਹਣ, ਬੁਢਿਆਣਾ, ਭੁੱਲਾਰਾਈ, ਫਗਵਾੜਾ, ਬਾਊਪੁਰ ਖੁਰਦ, ਸ਼ਾਹਕੋਟ ਵਿਖੇ ਰੈਲੀਆਂ ਕੀਤੀਆਂ ਅਤੇ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ ਅਤੇ ਇਸ ਨੂੰ ਸੰਭਾਲਣ ਦੇ ਕੁਝ ਤਰੀਕੇ ਦੱਸੇ। ਇਸ ਮੁਹਿੰਮ ਦੌਰਾਨ ਪ੍ਰੋਗਰਾਮ ਅਫ਼ਸਰ ਡਾ: ਅਮਨਦੀਪ ਕੌਰ, ਪ੍ਰੋ: ਨਵਨੀਤ ਅਰੋੜਾ ਅਤੇ ਪ੍ਰੋ: ਪ੍ਰਿਅੰਕ ਸ਼ਾਰਦਾ ਨੇ ਵਲੰਟੀਅਰਾਂ ਦਾ ਮਾਰਗ ਦਰਸ਼ਨ ਕੀਤਾ।