ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਸ਼ਨ ਬਾਇਓਟੈਕਨਾਲੌਜੀ ਵਿਭਾਗ ਅਤੇ ਮਾਈਕਰੋਬਾਇਓਲੋਜਿਸਟ ਸੁਸਾਇਟੀ ਇੰਡੀਆ (ਐਮਐਸਆਈ) ਦੇ ਸਹਿਯੋਗ ਨਾਲ “ਕੋਰੋਨਾ ਵੈਕਸੀਨ ਕੋਵਿਡ-19 ਵਿਰੁੱਧ ਸਾਡਾ ਸਭ ਤੋਂ ਵੱਡਾ ਹਥਿਆਰ” ਵਿਸ਼ੇ ’ਤੇ, ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਇਸ ਵੈਬੀਨਾਰ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਸਮਰਾ ਨੇ ਹਾਜ਼ਰੀਨ ਨੂੰ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ, ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਵੈਕਸੀਨ ਲਗਵਾਉਣ ਲਈ ਵੀ ਕਿਹਾ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਪ੍ਰਧਾਨ, ਐਮਐਸਆਈ ਪੰਜਾਬ ਚੈਪਟਰ, ਸੂਰਜ ਅਗਨੀਸ਼ ਨੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ, ਰਿਸੋਰਸ ਪਰਸਨ, ਡਾ. ਏ.ਐਮ. ਦੇਸ਼ਮੁਖ, ਕੌਮੀ ਪ੍ਰਧਾਨ, ਐਮਐਸਆਈ, ਡਾ. ਅਰੁਣ ਦੇਵ ਸ਼ਰਮਾ, ਕੋਆਰਡੀਨੇਟਰ, ਐਮਐਸਆਈ, ਪੰਜਾਬ ਚੈਪਟਰ ਅਤੇ ਡਾ. ਇੰਦਰਜੀਤ ਕੌਰ, ਪ੍ਰਧਾਨ, ਐਮਐਸਆਈ, ਪੰਜਾਬ ਚੈਪਟਰ ਦਾ ਸੁਆਗਤ ਕੀਤਾ। ਸੈਸ਼ਨ ਦੀ ਸ਼ੁਰੂਆਤ ਡਾ. ਗੁਰਪਿੰਦਰ ਸਿੰਘ ਸਮਰਾ ਦੀਆਂ ਉਦਘਾਟਨੀ ਟਿੱਪਣੀਆਂ ਨਾਲ ਹੋਈ। ਇਸ ਤੋਂ ਬਾਅਦ ਡਾ. ਅਰਵਿੰਦ ਮਧੌਰਾਓ ਦੇਸ਼ਮੁਖ ਦੁਆਰਾ ਕੋਰੋਨਾ ਟੀਕੇ ਦੀ ਮਹੱਤਤਾ, ਸ਼ੰਕਿਆਂ ਅਤੇ ਮਿੱਥਾਂ ਬਾਰੇ ਵਿਚਾਰ ਪ੍ਰਸਤੁਤ ਕੀਤੇ। ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ। ਆਪਣੇ ਭਾਸ਼ਣ ਵਿਚ, ਉਨ੍ਹਾਂ ਕੋਵਿਡ-19 ਦੀ ਰੋਕਥਾਮ ਵਿਚ ਵੈਕਸੀਨ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਇਸ ਸਮੇਂ ਉਪਲਬਧ ਵੱਖ-ਵੱਖ ਕਿਸਮਾਂ ਦੇ ਟੀਕਿਆਂ, ਉਨ੍ਹਾਂ ਦੇ ਵਿਕਾਸ ਅਤੇ ਕੁਸ਼ਲਤਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਟੀਕਾਕਰਣ ਦੀ ਵਿਸ਼ਵ ਪੱਧਰ ’ਤੇ ਚੱਲ ਰਹੀ ਸਮੁੱਚੀ ਪ੍ਰਕਿਰਿਆ ਦਾ ਵਰਣਨ ਕੀਤਾ। ਉਨ੍ਹਾਂ ਟੀਕਾਕਰਨ ਮੁਹਿੰਮ ਨਾਲ ਜੁੜੀਆਂ ਵੱਖ-ਵੱਖ ਮਿੱਥਾਂ ਅਤੇ ਤੱਥਾਂ ‘ਤੇ ਵੀ ਚਾਨਣਾ ਪਾਇਆ। ਡਾ. ਦੇਸ਼ਮੁਖ ਨੇ ਵਿਦਿਆਰਥੀਆਂ ਨੂੰ ਆਪਣੇ ਵਡਮੁੱਲੇ ਵਿਚਾਰਾਂ ਨਾਲ ਪ੍ਰੇਰਿਤ ਕਰਦੇ ਹੋਏ, ਸਾਰੇ ਵਿਦਿਆਰਥੀਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਨੇੜਲੇ ਇਲਾਕਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਉਤਸ਼ਾਹਤ ਕਰਨ ਦੀ ਸਲਾਹ ਵੀ ਦਿੱਤੀ। ਭਾਗੀਦਾਰਾਂ ਨਾਲ ਰਿਸੋਰਸ ਪਰਸਨ ਦੀ ਗੱਲਬਾਤ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬਾਂ ਨੇ ਸੈਸ਼ਨ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਰੋਚਕ ਬਣਾਇਆ। ਪ੍ਰਿੰਸੀਪਲ ਡਾ. ਸਮਰਾ ਨੇ ਡਾ. ਅਰੁਣ ਦੇਵ ਸ਼ਰਮਾ ਅਤੇ ਡਾ. ਇੰਦਰਜੀਤ ਕੌਰ ਨੂੰ ਇਸ ਸਮਾਗਮ ਦੇ ਆਯੋਜਨ ਅਤੇ ਸਫਲਤਾ ਲਈ ਵਧਾਈ ਦਿੰਦੇ ਹੋਏ ਸਮਾਗਮ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਇੰਦਰਜੀਤ ਕੌਰ ਪ੍ਰਧਾਨ, ਐਮਐਸਆਈ, ਪੰਜਾਬ ਚੈਪਟਰ, ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਕੁੱਲ ਮਿਲਾ ਕੇ ਵੈਬੀਨਾਰ ਬਹੁਤ ਸਫ਼ਲ, ਪ੍ਰਭਾਵਸ਼ਾਲੀ ਅਤੇ ਲਾਭਦਾਇਕ ਸੀ।