ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੇਜੂਏਟ ਫਿਜ਼ਿਕਸ ਵਿਭਾਗ ਵਲੋਂ ‘ਸਾਇੰਸ ਗ੍ਰੈਜੂਏਟਸ ਲਈ ਕੈਰੀਅਰ ਦੇ ਮੌਕੇ’ ਵਿਸ਼ੇ ਉਪਰ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਡਾ. ਅਤੁਲ ਖੰਨਾ, ਪ੍ਰੋਫੈਸਰ ਇੰਨ ਫਿਜਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਇਸ ਵੈਬੀਨਾਰ ਦੇ ਕੋਅਰਡੀਨੇਟਰ ਡਾ. ਬਲਵਿੰਦਰ ਸਿੰਘ ਚਾਹਲ, ਮੁਖੀ ਫਿਜ਼ਿਕਸ ਵਿਭਾਗ ਨੇ ਮੁੱਖ ਵਕਤਾ ਨੂੰ ਸਵਾਗਤੀ ਸ਼ਬਦ ਕਹੇ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਕਹਿ ਕੇ ਪ੍ਰੇਰਿਤ ਕੀਤਾ ਕਿ ਹਰੇਕ ਵਿਆਕਤੀ ਵਿੱਚ ਇੱਕ ਛੁਪੀ ਸੰਭਾਵਨਾ ਹੁੰਦੀ ਹੈ ਅਤੇ ਇਸ ਨੂੰ ਲੱਭਦੇ ਹੋਏ  ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਸ ਨੂੰ ਸੇਧ ਦੇਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਸਰਬਪੱਖੀ ਪਹੁੰਚ ਰੱਖਣ ਦੀ ਸਲਾਹ ਵੀ ਦਿੱਤੀ। ਮੁੱਖ ਵਕਤਾ ਡਾ. ਅਤੁਲ ਖੰਨਾ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਸਾਇੰਸ ਗ੍ਰੈਜੂਏਟਾਂ ਲਈ ਮੌਕਿਆਂ ਦੀ ਕੋਈ ਘਾਟ ਨਹੀਂ ਹੈ, ਬਸ਼ਰਤੇ ਉਹ ਆਪਣੇ ਆਪਣੇ ਖੇਤਰਾਂ ਵਿਚ ਉਪਲਬਧ ਵਿਭਿੰਨ ਵਿਕਲਪਾਂ ਬਾਰੇ ਕੁਸ਼ਲ ਅਤੇ ਜਾਣੂ ਹੋਣ। ਉਨ੍ਹਾਂ ਉਦਯੋਗ, ਸਰਕਾਰੀ ਖੇਤਰ ਵਿੱਚ ਉਪਲਬਧ ਵੱਖ-ਵੱਖ ਅਹੁਦਿਆਂ ਅਤੇ ਉਨ੍ਹਾਂ ਲਈ ਯੋਗਤਾਵਾਂ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚ ਅਧਿਐਨਾਂ ਵਿੱਚ ਉਪਲਬਧ ਵੱਖ-ਵੱਖ ਫੈਲੋਸ਼ਿਪਾਂ ਬਾਰੇ ਵਿਦਿਆਰਥੀਆਂ ਨੂੰ ਗਿਆਨ ਭਰਭੂਰ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਅਤੇ ਆਪਣੇ ਟੀਚਿਆਂ ਪ੍ਰਤੀ ਕੇਂਦ੍ਰਤ ਰਹਿਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਡਾ. ਨਰਵੀਰ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਡਾ. ਰੰਜੂ ਮਹਾਜਨ, ਡਾ. ਨਵਨੀਤ ਅਰੋੜਾ, ਡਾ. ਰਵਨੀਤ ਕੌਰ, ਡਾ. ਮਨਦੀਪ ਕੌਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਸ਼ਾਮਲ ਸਨ। ਇਸ ਵੈਬੀਨਾਰ ਦਾ ਟੈਕਨੀਕਲ ਸੰਚਾਲਨ ਡਾ. ਅਮਨਪ੍ਰੀਤ ਕੌਰ ਸੰਧੂ ਨੇ ਬਾਖੁਬੀ ਨਿਭਾਇਆ।