ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ, ਖੇਡਾਂ, ਸਾਹਿਤਕ ਤੇ
ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ। ਕਲਚਰਲ ਖੇਤਰ ਵਿੱਚ ਵੱਡੀ ਪ੍ਰਾਪਤੀ
ਕਰਦਿਆਂ ਕਾਲਜ ਦੇ ਚਾਰ ਵਿਦਿਆਰਥੀਆਂ ਨੇ ਮਿਨਿਸਟਰੀ ਆਫ ਯੂਥ ਅਫੇਅਰਜ਼ ਅਤੇ ਸਪੋਰਟਸ ਵਲੋਂ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਗਏ ਰਾਜ ਪੱਧਰੀ ਯੁਵਕ ਮੇਲੇ ਵਿੱਚ ਜਿੱਤ ਪ੍ਰਾਪਤ
ਕਰਦਿਆ ਰਾਸ਼ਟਰੀ ਯੁਵਕ ਮੇਲੇ ਲਈ ਕੁਆਲੀਫਾਈ ਕੀਤਾ ਹੈ। ਵਿਦਿਆਰਥੀਆਂ ਦੀ ਇਸ ਵੱਡੀ ਪ੍ਰਾਪਤੀ
’ਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਅਤੇ ਟੀਮ ਇੰਚਾਰਜਾਂ ਨੂੰ
ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਸਨਮਾਨਿਤ ਕੀਤਾ। ਡਾ. ਸਮਰਾ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਰਾਜਪੱਧਰੀ ਇਸ ਯੁਵਕ ਮੇਲੇ ਵਿੱਚ ਸੰਗੀਤਕ ਮੁਕਾਬਲਿਆ ਵਿੱਚ ਕਲਾਸੀਕਲ
ਵੋਕਲ ਵਿੱਚ ਬਸੰਤ ਸਿੰਘ, ਸਕੈਚਿੰਗ ਵਿੱਚ ਹਰਜੋਤ ਸਿੰਘ, ਕਵਿਤਾ ਉਚਾਰਨ ਵਿੱਚ ਪ੍ਰਭਲੀਨ ਕੌਰ ਅਤੇ
ਪੈਨਲ ਡਿਸਕਸ਼ਨ ਵਿੱਚ ਸਾਕਸ਼ੀ ਸ਼ਰਮਾ ਨੇ ਜਿੱਤ ਪ੍ਰਾਪਤ ਕਰਦਿਆਂ ਨੈਸ਼ਲ ਯੁਵਕ ਮੇਲੇ ਵਿੱਚ ਭਾਗ ਲੈਣ
ਲਈ ਯੋਗਤਾ ਹਾਸਲ ਕੀਤੀ। ਇਹ ਜੇਤੂ ਕਲਾਕਾਰ 12 ਤੋਂ 16 ਜਨਵਰੀ 2021 ਨੂੰ ਹੋਣ ਵਾਲੇ ਰਾਸ਼ਟਰੀ
ਯੁਵਕ ਮੇਲੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਉਹਨਾਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ
ਕਾਲਜ ਨੇ ਸੱਤ ਈਵੈਂਟ ਵਿੱਚ ਭਾਗ ਲਿਆ ਸੀ, ਜਿਸ ਵਿੱਚੋਂ ਵਿਦਿਆਰਥੀਆਂ ਨੇ ਚਾਰ ਵਿੱਚ ਜਿੱਤਾਂ
ਪ੍ਰਾਪਤ ਕਰਕੇ ਕਾਲਜ ਅਤੇ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਨ੍ਹਾਂ
ਵਿਦਿਆਰਥੀ ਕਲਾਕਾਰਾਂ ਦੇ ਅਧਿਆਪਕ ਇੰਚਾਰਜਾਂ ਨੇ ਬੜੀ ਮਿਹਨਤ ਨਾਲ ਇਨਾਂ ਦੀ ਤਿਆਰੀ
ਕਰਵਾਈ ਸੀ, ਜਿਸ ਦੇ ਨਤੀਜੇ ਵਜੋਂ ਵਿਦਿਆਰਥਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਇਹ ਜਿੱਤਾਂ
ਪ੍ਰਾਪਤ ਕੀਤੀਆਂ ਹਨ। ਇਸ ਮੌਕੇ ਡਾ. ਪਲਵਿੰਦਰ ਸਿੰਘ ਡਿਪਟੀ ਡੀਨ ਕਲਚਰਲ ਅਫੇਅਰਜ਼, ਪ੍ਰੋ. ਸੁਖਦੇਵ
ਸਿੰਘ ਮੁਖੀ ਸੰਗੀਤ ਵਿਭਾਗ, ਡਾ. ਸੁਰਿੰਦਰਪਾਲ ਮੰਡ ਇੰਚਾਰਜ ਕਵਿਤਾ ਉਚਾਰਨ ਟੀਮ, ਡਾ.
ਅਜੀਤਪਾਲ ਸਿੰਘ ਇੰਚਾਰਜ ਫਾਈਨ ਆਰਟਸ ਟੀਮ, ਪ੍ਰੋ. ਸਤਪਾਲ ਸਿੰਘ ਇੰਚਾਰਜ ਪੈਨਲ ਡਿਸਕਸ਼ਨ ਟੀਮ
ਅਤੇ ਵਿਦਿਆਰਥੀ ਹਾਜ਼ਰ ਸਨ।