ਜਲੰਧਰ (ਨਿਤਿਨ ਕੌੜਾ ) :ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀਆਂ ਵਿਦਿਆਰਥਣਾਂ ਬੰਦਨਾ ਨੌਟਿਆਲ (ਐਮ.ਐਸਸੀ. ਕੈਮਿਸਟਰੀ) ਅਤੇ ਪੂਨਮ ਕੁਮਾਰੀ (ਬੀ.ਐਸਸੀ. ਬਾਇਓਟੈਕ.) ਨੇ ਰੈਡ ਰਿਬਨ ਕਲੱਬ ਦੁਆਰਾ ਆਯੋਜਿਤ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਅੰਜਨਾ ਚੈਰੀਅਨ (ਬੀ.ਕਾਮ) ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਹੋਏ ਡੈਕਲਾਮੇਸ਼ਨ ਮੁਕਾਬਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਨਕਦ ਇਨਾਮ ਜਿੱਤੇ।ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ‘ਤੇ ਹਮੇਸ਼ਾਂ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਹ ਨਾ ਸਿਰਫ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਕਰਕੇ ਆਪਣੀ ਸ਼ਖਸੀਅਤ ਦਾ ਵਿਕਾਸ ਕਰਦੇ ਹਨ, ਬਲਕਿ ਪਾਠ ਸਹਾਇਕ ਗਤੀਵਿਧੀਆਂ ਵਿੱਚ ਵੀ ਚਮਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦੀ ਕਵਿਜ਼ ਟੀਮ ਅਗਲੇ ਦੌਰ ਵਿੱਚ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ।ਉਨ੍ਹਾਂ ਕੁਇਜ ਟੀਮ ਇੰਚਾਰਜ ਪ੍ਰੋਫੈਸਰ ਆਹੂਜਾ ਸੰਦੀਪ ਅਤੇ ਐਲਕੇਸੀ ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਪ੍ਰੋਫੈਸਰ ਸਤਪਾਲ ਸਿੰਘ ਇੰਚਾਰਜ ਡੈਕਲਾਮੇਸ਼ਨ ਟੀਮ ਨੂੰ ਵਿਦਿਆਰਥੀਆਂ ਦੀ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਉਕਤ ਦੋਵਾਂ ਅਧਿਆਪਕਾਂ ਨੇ ਕਾਲਜ ਦੇ ਐਲਕੇਸੀ-ਜੀਕੇ-ਕਲੱਬ ਅਤੇ ਰੈਡ ਰਿਬਨ ਕਲੱਬ ਨੂੰ ਦਿੱਤੇ ਗਏ ਪੂਰਨ ਸਹਿਯੋਗ ਅਤੇ ਸਰਪ੍ਰਸਤੀ ਲਈ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਵੀ ਕੀਤਾ।