ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ ਇਹ ਫ਼ਖ਼ਰ ਹਾਸਲ ਹੈ ਕਿ ਇਸ ਨੇ ਅਕਾਦਮਿਕ, ਕਲਚਰਲ ਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਤੇ ਨਾਮਵਰ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਕਾਲਜ ਵਿਖੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਹੋਣਹਾਰ ਪੰਜ ਓਲੰਪੀਅਨਜ਼ ਮਨਪ੍ਰੀਤ ਸਿੰਘ (ਕਪਤਾਨ) ਹਰਮਨਪ੍ਰੀਤ ਸਿੰਘ (ਉਪ ਕਪਤਾਨ) ਵਰੁਨ ਕੁਮਾਰ, ਮਨਦੀਪ ਸਿੰਘ ਤੇ ਹ‍ਰਦਿਕ ਸਿੰਘ ਕਾਲਜ ਵਿਖੇ ਪਹੁੰਚੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਨ੍ਹਾਂ ਓਲੰਪੀਅਨਜ਼ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਤੇ ਵਰੁਨ ਕੁਮਾਰ ਸਾਡੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਓਲੰਪੀਅਨਜ਼ ਨੇ ਕਾਲਜ ਦਾ ਦੌਰਾ ਕੀਤਾ ਤੇ ਕਾਲਜ ਦੇ ਖੇਡ ਮੈਦਾਨ, ਕਾਲਜ ਦੀਆਂ ਬਿਲਡਿੰਗਾਂ, ਬਾਗ-ਬਗੀਚੇ, ਬੋਟੈਨੀਕਲ ਗਾਰਡਨਜ਼ ਅਤੇ ਹੋਰ ਇਨਫਰਾਸਟਰੱਕਚਰ ਵੇਖਿਆ। ਲਾਇਲਪੁਰ ਖ਼ਾਲਸਾ ਕਾਲਜ ਦੇ ਸਮੁੱਚੇ ਵਾਤਾਵਰਨ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਸਾਡੇ ਵਾਸਤੇ ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤੀ ਹਾਕੀ ਦੇ ਚਮਕਦੇ ਸਿਤਾਰੇ ਅੱਜ ਸਾਡੀ ਸੰਸਥਾ ਦੇ ਵਿੱਚ ਪਧਾਰੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਖੇਡਾਂ ਵਿੱਚ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਵਾਸਤੇ ਉਹਨੂੰ ਹਰ ਸਹੂਲਤ ਦੇਣ ਵਾਸਤੇ ਵਚਨਬੱਧ ਹੈ। ਉਨ੍ਹਾਂ ਆਸ ਜਤਾਈ ਕਿ ਸਾਡੀ ਸੰਸਥਾ ਵਿਚ ਹਾਕੀ ਦੇ ਨਵੇਂ ਸਥਾਪਤ ਹੋਏ ਐਸਟਰੋਟਰਫ਼ ‘ਤੇ ਖੇਡ ਕੇ ਅਤੇ ਇਨ੍ਹਾਂ ਓਲੰਪੀਅਨਜ਼ ਤੋਂ ਪ੍ਰੇਰਨਾ ਲੈ ਕੇ ਨਵੇਂ ਓਲੰਪੀਅਨ ਪੈਦਾ ਹੋਣਗੇ। ਓਲੰਪੀਅਨਜ਼ ਮਹਿਮਾਨਾਂ ਨੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨਾਲ ਆਪਣੇ ਟੋਕੀਓ ਓਲੰਪਿਕ ਦੇ ਅਨੁਭਵ ਸਾਂਝੇ ਕੀਤੇ ਅਤੇ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।