ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਨੂੰ ਉੱਚੀਆਂ ਬੁਲੰਦੀਆਂ ਤੇ
ਪਹੁੰਚਾਉਣ ਵਾਲੀ ਪਰਉਪਕਾਰੀ ਤੇ ਅਮਰ ਸ਼ਖ਼ਸੀਅਤ ਬਲਬੀਰ ਸਿੰਘ ਜੀ, ਸਾਬਕਾ ਪ੍ਰਧਾਨ ਗਵਰਨਿੰਗ
ਕੌਂਸਲ ਦੀ ਬਾਰ੍ਹਵੀਂ ਬਰਸੀ ਲਾਇਲਪੁਰ ਖ਼ਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ। ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਸਪਤਾਹਿਕ ਪਾਠ ਉਪਰੰਤ ਭਾਈ ਜੀ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ
ਨੂੰ ਗੁਰੂ ਘਰ ਨਾਲ ਜੋੜਿਆ। ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ
ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਭਾਈ ਜੀ ਨੂੰ ਅਤੇ
ਉਹਨਾਂ ਦੇ ਰਾਗੀ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ
ਸਰਦਾਰਨੀ ਬਲਬੀਰ ਕੌਰ ਦੇ ਨਾਲ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸੰਬੰਧੀਆਂ ਨੇ ਦੇਸ਼ ਵਿਦੇਸ਼ ਤੋਂ ਆ
ਕੇ ਅਤੇ ਵੱਖ-ਵੱਖ ਲਾਇਲਪੁਰ ਖ਼ਾਲਸਾ ਵਿਦਿਅਕ ਸੰਸਥਾਵਾਂ ਦੇ ਸਮੂਹ ਸਟਾਫ ਨੇ ਬਲਬੀਰ ਸਿੰਘ ਜੀ
ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬਲਬੀਰ ਸਿੰਘ ਦੀ
ਸ਼ਖ਼ਸੀਅਤ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਰਾਜਨੀਤੀ ਦੇ ਖੇਤਰ ਵਿਚ
ਵਿਲੱਖਣ ਕਾਰਜ ਕੀਤੇ। ਦੋਆਬੇ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਦੇ ਲਈ ਉਨ੍ਹਾਂ ਲਾਇਲਪੁਰ
ਖ਼ਾਲਸਾ ਕਾਲਜ ਵਿਚ ਕੰਪਿਊਟਰ ਕੋਰਸ ਸ਼ੁਰੂ ਕਰਾਏ। ਉਹਨਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਸਦਕਾ
ਬਾਇਓਟੈਕਨਾਲੋਜੀ ਅਤੇ ਫਿਜ਼ਿਓਥੈਰੇਪੀ ਵਰਗੇ ਪ੍ਰੋਫੈਸ਼ਨਲ ਕੋਰਸ ਵੀ ਕਾਲਜ ਵਿਚ ਲਿਆਂਦੇ ਤਾਂ ਜੋ
ਦੋਆਬੇ ਅਤੇ ਨੇੜੇ ਦੇ ਇਲਾਕਿਆਂ ਦੇ ਵਿਦਿਆਰਥੀ ਵੀ ਇਨ੍ਹਾਂ ਨਵੇਂ ਕੋਰਸਾਂ ਰਾਹੀਂ ਆਪਣੇ
ਭਵਿੱਖ ਨੂੰ ਉਜਵਲ ਕਰ ਸਕਣ। ਇਸ ਤਰ੍ਹਾਂ ਉਨ੍ਹਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਨ੍ਹਾਂ ਵਿੱਦਿਅਕ
ਸੰਸਥਾਵਾਂ ਦੀ ਬਿਹਤਰੀ ਲਈ ਲਗਾ ਦਿੱਤਾ। ਰਾਜਨੀਤੀ ਦੇ ਖੇਤਰ ਵਿੱਚ ਸੇਵਾ ਕਰਦਿਆਂ ਉਨ੍ਹਾਂ ਨੇ
ਬਿਨ੍ਹਾਂ ਕਿਸੇ ਇਲਾਕੇ ਦੇ ਪੱਖਪਾਤ ਤੋਂ ਪੂਰੇ ਪੰਜਾਬ ਦੇ ਵਿਕਾਸ ਲਈ ਕਾਰਜ ਕੀਤਾ। ਇਸੇ ਕਰਕੇ ਲੋਕ
ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ ਤੇ ਅੱਜ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ
ਕਰਨ ਆਏ ਹਨ। ਇਸ ਮੌਕੇ ਸਮੂਹ ਗਵਰਨਿੰਗ ਕੌਂਸਲ, ਮੈਨੇਜਿੰਗ ਕਮੇਟੀ, ਸਾਕ ਸੰਬੰਧੀ,
ਪ੍ਰਿੰਸੀਪਲ, ਡਾਇਰੈਕਟਰ ਕੇ.ਸੀ.ਐੱਲ. ਗਰੁੱਪ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਸਭਨਾਂ ਨੇ
ਹਾਜ਼ਰੀਆਂ ਭਰ ਕੇ ਸਰਦਾਰ ਬਲਬੀਰ ਸਿੰਘ ਜੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਅੰਤ ਵਿਚ ਗੁਰੂ ਕਾ
ਅਤੁੱਟ ਲੰਗਰ ਵਰਤਾਇਆ ਗਿਆ।