
ਫਗਵਾੜਾ 4 ਮਈ (ਸ਼਼ਿਵ ਕੋੋੜਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮਿੰਨੀ ਲਾਕਡਾਊਨ ਦੌਰਾਨ ਸਿਹਤ ਸੇਵਾਵਾਂ, ਰੋਜਾਨਾ ਵਰਤੋਂ ਦੀਆਂ ਵਸਤੁਆਂ ਤੋਂ ਇਲਾਵਾ ਦਿਹਾੜੀਦਾਰ ਮਜਦੂਰ ਵਰਗ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਬੇਸ਼ਕ ਇਮਾਰਤ ਉਸਾਰੀ ਦੇ ਕੰਮਾਂ ਨੂੰ ਵੀ ਜਾਰੀ ਰੱਖਣ ਦੀ ਛੂਟ ਕੁੱਝ ਵਿਸ਼ੇਸ਼ ਹਦਾਇਤਾਂ ਦੇ ਨਾਲ ਦਿੱਤੀ ਗਈ ਹੈ ਪਰ ਕੰਸਟ੍ਰਕਸ਼ਨ ਮੈਟੀਰੀਅਲ ਜਿਵੇਂ ਸੀਮੇਂਟ ਸਰੀਆ ਆਦਿ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਤੋਂ ਬਿਨਾਂ ਉਸਾਰੀ ਦਾ ਕੰਮ ਹੋ ਹੀ ਨਹੀਂ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਦੇ ਪ੍ਰਸਿੱਧ ਲੋਹਾ ਵਪਾਰੀ ਅਨੁਰਾਗ ਮਨਖੰਡ ਸਾਬਕਾ ਕੌਂਸਲਰ ਨੇ ਅੱਜ ਇੱਥੇ ਗਲਬਾਤ ਦੌਰਾਨ ਕਿਹਾ ਕਿ ਲਾਕਡਾਊਨ ਸਬੰਧੀ ਜਾਰੀ ਹਦਾਇਤਾਂ ਵਿਚ ਸੀਮੇਂਟ ਸਰੀਏ ਦੇ ਕਾਰੋਬਾਰ ਨੂੰ ਬੰਦ ਕਰਕੇ ਮਜਦੂਰ ਵਰਗ ਨੂੰ ਰਾਹਤ ਦੀ ਗੱਲ ਬੇਮਾਇਨਾ ਹੈ। ਇਸ ਲਈ ਉਹ ਪੰਜਾਬ ਦੀ ਕੈਪਟਨ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਨ ਕਿ ਸੀਮੇਂਟ ਸਰੀਆ ਕਾਰੋਬਾਰੀਆਂ ਨੂੰ ਵੀ ਆਰਡਰ ਭੁਗਤਾਉਣ ਦੀ ਛੂਟ ਵਿਸ਼ੇਸ਼ ਨਿਯਮਾਂ ਤਹਿਤ ਦਿੱਤੀ ਜਾਵੇ ਜਿਸਦੀ ਹਰ ਕਾਰੋਬਾਰੀ ਵਲੋਂ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਜੇਕਰ ਸਰਕਾਰ ਰਾਹਤ ਦਿੰਦੀ ਹੈ ਤਾਂ ਇਸ ਨਾਲ ਕੰਸਟ੍ਰਕਸ਼ਨ ਮੈਟੀਰੀਅਲ ਦੀਆਂ ਦੁਕਾਨਾਂ ਉਪਰ ਕੰਮ ਕਰਨ ਵਾਲੀ ਲੇਬਰ ਨੂੰ ਵੀ ਬੇਰੁਜਗਾਰੀ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਅਤੇ ਨਾਲ ਹੀ ਪ੍ਰਾਪਤ ਹੋਣ ਵਾਲੇ ਜੀ.ਐਸ.ਟੀ. ਨਾਲ ਇਸ ਮੁਸ਼ਕਲ ਸਮੇਂ ਵਿਚ ਸਰਕਾਰ ਦੇ ਖਜਾਨੇ ਨੂੰ ਵੀ ਆਰਥਕ ਸਹਾਰਾ ਮਿਲੇਗਾ।