ਜਲੰਧਰ, 12 ਸਤੰਬਰ
ਅਨਾਜ ਦੀ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਵੰਡ ਅਤੇ ਯੋਗ ਤੇ ਅਸਲ ਲਾਭਪਾਤਰੀਆਂ ਨੂੰ ਰਾਜ ਦੇ ਕਿਸੇ ਵੀ ਡਿਪੂ ਹੋਲਡਰ ਤੋਂ ਰਾਸ਼ਨ ਪ੍ਰਾਪਤ ਕਰਨ ਦੀ ਆਜ਼ਾਦੀ ਦੇਣ ਦੀ ਦਿਸ਼ਾ ਵਿਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਇਕ ਉਦਘਾਟਨੀ ਸਮਾਰੋਹ ਵਿੱਚ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਸੌਂਪਦਿਆਂ ਰਾਜ ਸਰਕਾਰ ਦੀ ਮਹੱਤਵਪੂਰਨ ਡਿਜੀਟਲ ਪਹਿਲਕਦਮੀ `ਸਮਾਰਟ ਰਾਸ਼ਨ ਕਾਰਡ ਸਕੀਮ’ ਦਾ ਆਗਾਜ਼ ਕੀਤਾ।ਉਨ੍ਹਾਂ ਨਾਲ ਵਿਧਾਇਕ ਪਰਗਟ ਸਿੰਘ, ਰਜਿੰਦਰ ਬੇਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਮੇਅਰ ਜਗਦੀਸ਼ ਰਾਜ ਰਾਜਾ ਵੀ ਮੌਜੂਦ ਸਨ। ਇਸ ਮੌਕੇ ਸੰਸਦ ਮੈਂਬਰ ਨੇ 10 ਲਾਭਪਾਤਰੀਆਂ ਨੂੰ ਪ੍ਰਤੀਕ ਦੇ ਰੂਪ ਵਿੱਚ ਸਮਾਰਟ ਕਾਰਡ ਵੰਡੇ।ਵਿਧਾਇਕਾਂ ਸੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸੁਰਿੰਦਰ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਕ੍ਰਮਵਾਰ ਜਲੰਧਰ ਪੱਛਮੀ, ਜਲੰਧਰ ਉੱਤਰੀ, ਕਰਤਾਰਪੁਰ ਅਤੇ ਸ਼ਾਹਕੋਟ ਸਮੇਤ ਹੋਰ ਹਲਕਿਆਂ ਵਿੱਚ ਸਾਰੇ ਜ਼ਿਲ੍ਹੇ ਵਿੱਚ ਇਕ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਡਿਜੀਟਲ ਰੂਪ ਨਾਲ ਸਸ਼ਕਤ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਇਹ ਯੋਜਨਾ ਰਾਜ ਵਿਚ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਰਾਸ਼ਨ ਕਾਰਡਾਂ ਨੂੰ ਸਬੰਧਤ ਡਿਪੂ ਵਿੱਚ ਤਬਦੀਲ ਕਰਨ ਦੀ ਚਿੰਤਾ ਕੀਤੇ ਬਗੈਰ ਆਪਣੀ ਮਰਜ਼ੀ ਨਾਲ ਕਿਸੇ ਵੀ ਸਰਕਾਰੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਨਵੀਂ ਪ੍ਰਣਾਲੀ ਰਾਸ਼ਨ ਵੰਡ ਵਿੱਚ ਧੋਖਾਦੇਹੀ ਜਾਂ ਚੋਰੀ ਨੂੰ ਬਿਲਕੁਲ ਖਤਮ ਕਰ ਦੇਵੇਗੀ ਕਿਉਂਕਿ ਸਮੁੱਚੀ ਪ੍ਰਣਾਲੀ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਸਿਸਟਮ ‘ਤੇ ਆਧਾਰਿਤ ਹੈ।ਉਨ੍ਹਾਂ ਕਿਹਾ ਕਿ ਕੁੱਲ 2, 48,205 ਪਰਿਵਾਰਾਂ ਨੂੰ ਇਹ ਰਾਸ਼ਨ ਕਾਰਡ ਪ੍ਰਾਪਤ ਹੋਣਗੇ, ਜਿਨ੍ਹਾਂ ਵਿੱਚ ਲਾਭਪਾਤਰੀ ਦੀ ਪਹਿਚਾਨ ਅਤੇ ਪੂਰੀ ਜਾਣਕਾਰੀ ਸਬੰਧੀ ਚਿਪ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਕੀਮ ਤਹਿਤ ਲਾਭਪਾਤਰੀਆਂ ਨੂੰ ਸਾਲ ਵਿੱਚ ਦੋ ਵਾਰ ਰਾਸ਼ਨ ਮਿਲਦਾ ਹੈ ਅਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ 30 ਕਿਲੋਗ੍ਰਾਮ ਕਣਕ (ਪ੍ਰਤੀ ਮਹੀਨਾ 5 ਕਿਲੋਗ੍ਰਾਮ) ਮਿਲਦੀ ਹੈ।ਚੌਧਰੀ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਜ਼ਿਲ੍ਹੇ ਦੇ 917 ਰਾਸ਼ਨ ਡਿਪੂਆਂ ਵਿਚੋਂ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਲੈਣ ਲਈ ਆਧਾਰ ਵਰਗੇ ਸ਼ਨਾਖਤੀ ਪ੍ਰਮਾਣ ਨੂੰ ਲਿਜਾਣ ਦੀ ਜ਼ਰੂਰਤ ਨਹੀਂ ਹੈ।ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਜਨਤਕ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਜਾਅਲੀ ਵੰਡ ਨੂੰ ਖਤਮ ਕਰਨਾ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅਸਲ ਲਾਭਪਾਤਰੀ ਨੂੰ ਡਿਪੂ ਤੋਂ ਰਾਸ਼ਨ ਮੁਹੱਈਆ ਕਰਵਾਉਣਾ ਹੈ ।ਸਕੀਮ ਦੇ ਉਦਘਾਟਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਦਕੋਹਾ ਦੀ ਇਕ ਲਾਭਪਾਤਰੀ ਪ੍ਰੀਤੀ ਨੇ ਦੱਸਿਆ ਕਿ ਹੁਣ ਉਸ ਦਾ ਪਰਿਵਾਰ ਜ਼ਿਲ੍ਹੇ ਦੇ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕੇਗਾ ਅਤੇ ਰਾਸ਼ਨ ਦੀ ਵੰਡ ਪੂਰੀ ਤਰ੍ਹਾਂ ਸਪਸ਼ਟ ਅਤੇ ਪਾਰਦਰਸ਼ੀ ਹੋਵੇਗੀ।
ਇਕ ਹੋਰ ਲਾਭਪਾਤਰੀ ਦਵਿੰਦਰ ਕੌਰ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਨੇ ਉਨ੍ਹਾਂ ਨੂੰ ਸ਼ਕਤੀ ਦਿੱਤੀ ਹੈ ਕਿਉਂਕਿ ਹੁਣ ਕੋਈ ਵੀ ਡਿਪੂ ਹੋਲਡਰ ਰਾਸ਼ਨ ਵੰਡ ਵਿੱਚ ਕਿਸੇ ਕਿਸਮ ਦੀ ਧਾਂਦਲੀ ਨਹੀਂ ਕਰ ਸਕੇਗਾਇਸੇ ਦੌਰਾਨ ਸਾਬਕਾ ਮੰਤਰੀ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਮਹਿੰਦਰ ਸਿੰਘ ਕੇ ਪੀ, ਸੀਨੀਅਰ ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਅਤੇ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਆਦਮਪੁਰ, ਨਕੋਦਰ ਅਤੇ ਫਿਲੌਰ ਵਿਖੇ ਵੀ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡੀਐਫਐਸਸੀ ਨਰਿੰਦਰ ਸਿੰਘ, ਡੀਐਫਐਸਓ ਅਸ਼ੋਕ ਕੁਮਾਰ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਲੀ, ਯੂਥ ਕਾਂਗਰਸ ਦੇ ਆਗੂ ਅੰਗਦ ਦੱਤਾ, ਹਨੀ ਜੋਸ਼ੀ ਅਤੇ ਹੋਰ ਮੌਜੂਦ ਸਨ।