ਲੁਧਿਆਣਾ :- ਲੁਧਿਆਣਾ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। ਅੱਗ ਇੰਨੀ ਜ਼ਬਰਦਸਤ ਸੀ ਕਿ ਫੈਕਟਰੀ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ। ਫੋਕਲ ਪੁਆਇੰਟ ਸਥਿਤ ਫੈਕਟਰੀ 516 ਫੇਜ਼ ਈਪੀਸੀ ਕਨਵਰਟਰਸ ਜੋ ਕਿ ਲਿਫਾਫੇ ਬਣਾਉਣ ਦਾ ਕੰਮ ਕਰਦੀ ਹੈ, ਵਿਖੇ ਬੀਤੀ ਦੇਰ ਰਾਤ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਉਹ ਅੱਜ ਦੁਪਹਿਰ ਤੱਕ ਵੀ ਜਾਰੀ ਰਹੀ। ਅੱਗ ਬੁਝਾਉਣ ਲਈ ਤਿੰਨ ਦਰਜਨ ਤੋਂ ਵਧੇਰੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪੁੱਜੀਆਂ। ਇਸ ਦੌਰਾਨ ਪੂਰੀ ਦੀ ਪੂਰੀ ਇਮਾਰਤ ਜਲ ਕੇ ਖ਼ਾਕ ਹੋ ਗਈ ਤੇ ਅੰਦਰ ਪਿਆ ਕਰੋੜਾਂ ਰੁਪਏ ਦਾ ਸਾਮਾਨ ਤੇ ਕਰੋੜਾਂ ਦੀਆਂ ਮਸ਼ੀਨਾਂ ਵੀ ਤਬਾਹ ਹੋ ਗਈਆਂ। ਫੈਕਟਰੀ ਦੇ ਮਾਲਕ ਸੌਰਵ ਨੇ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਫੈਕਟਰੀ ਨੂੰ ਤਾਲੇ ਲਗਾ ਕੇ ਕਾਲਜ ਰੋਡ ਸਥਿਤ ਆਪਣੀ ਰਿਹਾਇਸ਼ ਤੇ ਚਲੇ ਗਏ। ਦੇਰ ਰਾਤ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਫੈਕਟਰੀ ਵਿੱਚ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।