ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਸਾਈਬਰ ਠੱਗਾਂ ਵਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਦਿਨ ਪ੍ਰਤੀ ਦਿਨ ਵੱਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਜਿਲ੍ਹਾ ਕਪੂਰਥਲਾ ਦੇ ਸਕੱਤਰ ਜਨਰਲ ਰਣਜੀਤ ਸਿੰਘ ਫਤਹਿ ਨੇ ਕਿਹਾ ਕਿ ਸਾਈਬਰ ਠੱਗੀ ਦੇ ਮਾਮਲੇ ਦਿਨ ਪ੍ਰਤੀਦਿਨ ਵੱਧ ਰਹੇ ਹਨ ਅਤੇ ਪੰਜਾਬ ਤੋਂ ਦੂਰ ਹੋਣ ਕਰਕੇ ਇਹਨਾਂ ਠੱਗਾਂ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ‘ਚ ਹਨ। ਕੋਰੋਨਾ ਮਹਾਮਾਰੀ ਦੇ ਚਲਦਿਆਂ ਲਾਕਡਾਉਨ ਨੇ ਪਹਿਲਾਂ ਹੀ ਲੋਕਾਂ ਦੇ ਕਾਰੋਬਾਰ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ ਤੇ ਦੂਸਰੇ ਪਾਸੇ ਸਾਈਬਰ ਠੱਗਾਂ ਵਲੋਂ ਆਮ ਜਨਤਾ ਅਤੇ ਕਾਰੋਬਾਰੀ ਲੋਕਾਂ ਨੂੰ ਖਾਸ ਤੋਰ ਤੇ ਨਿਸ਼ਾਨੇ ਤੇ ਲੈ ਕੇ ਉਹਨਾਂ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਹਨ। ਫਤਹਿ ਨੇ ਦੱਸਿਆ ਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ ਅਜਿਹੇ ਗਿਰੋਹ ਜਿਆਦਾਤਰ ਆਪਣੇ ਆਪ ਨੂੰ ਫੌਜ ਵਿਚ ਹੋਣ ਦੀ ਗੱਲ ਕਹਿ ਕੇ ਲੋਕਾਂ ਵਿਚ ਸਹਿਜੇ ਹੀ ਆਮ ਜਨਤਾ ਨੂੰ ਭਰੋਸੇ ਵਿਚ ਲੈ ਲੈਂਦੇ ਹਨ ਤਾਂ ਕਿ ਕੋਈ ਸ਼ੱਕ ਨਾ ਕਰੇ। ਫਿਰ ਕੋਈ ਸਮਾਨ ਵੇਚਣ ਜਾਂ ਖਰੀਦਣ ਦੇ ਬਹਾਨੇ ਪੈਸੇ ਠੱਗਦੇ ਹਨ। ਸਾਈਬਰ ਠੱਗ ਪਹਿਲਾਂ ਆਪਣੇ ਸ਼ਿਕਾਰ ਦੇ ਵਾਹਟਸਐਪ ਤੇ ਕਿਸੇ ਫੌਜੀ ਵਰਦੀ ਵਿਚ ਫੋਟੋ ਜਾਂ ਅਧਾਰ ਕਾਰਡ ਦੀ ਕਾਪੀ ਭੇਜ ਕੇ ਕਹਿੰਦਾ ਹੈ ਕਿ ਉਸਨੇ ਸਮਾਨ ਖਰੀਦਣਾ ਹੈ ਜਿਸ ਦੀ ਕੀਮਤ ਉਹ ਆਨਲਾਈਨ ਦੁਕਾਨਦਾਰ ਜਾਂ ਵਪਾਰੀ ਦੇ ਬੈਂਕ ਖਾਤੇ ਵਿਚ ਕਰੇਗਾ। ਜਦੋਂ ਵੇਚਣ ਵਾਲਾ ਫੌਜੀ ਸਮਝ ਕੇ ਉਸਦੇ ਝਾਂਸੇ ਵਿਚ ਆ ਜਾਂਦਾ ਹੈ ਤਾਂ ਕਾਰੋਬਾਰੀ ਦਾ ਪੇਟੀਐਮ ਜਾਂ ਬੈਂਕ ਅਕਾਊਂਟ ਨੰਬਰ ਲੈ ਕੇ ਉਸ ਵਿਚ 5 ਜਾਂ 10 ਰੁਪਏ ਪਾ ਕੇ ਵਿਸ਼ਵਾਸ ਨੂੰ ਪੱਕਾ ਕਰਦਾ ਹੈ। ਫਿਰ ਦੁਬਾਰਾ ਫੋਨ ਕਰਕੇ ਪਹਿਲਾਂ ਭੇਜੀ ਰਕਮ ਕੰਨਫਰਮ ਕਰਨ ਦੇ ਨਾਲ ਹੀ ਮੈਸੇਜ ਬਾਕਸ ਵਿਚ ਆਏ ਓਟੀਪੀ ਨੰਬਰ ਦੀ ਜਾਣਕਾਰੀ ਲੈ ਲੈਂਦਾ ਹੈ। ਜਿਸ ਤੋਂ ਬਾਅਦ ਪੈਸੇ ਪਾਉਣ ਦੀ ਬਜਾਏ ਕਾਰੋਬਾਰੀ ਦੇ ਬੈਂਕ ਖਾਤੇ ਵਿਚੋਂ ਹਜ਼ਾਰਾਂ ਰੁਪਏ ਸਾਫ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਅਨੇਕਾਂ ਹੀ ਮਾਮਲੇ ਹਨ ਕਦੇ ਫੌਜੇ ਦੇ ਨਾਮ ਪਰ ਤੇ ਕਦੇ ਇੰਸ਼ੋਰੈਂਸ ਕੰਪਨੀਆਂ ਜਾਂ ਬੈਂਕਾਂ ਦੇ ਕ੍ਰੈਡਿਟ ਕਾਰਡ ਆਦਿ ਬਨਾਉਣ ਦਾ ਝਾਂਸਾ ਦੇ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਕੇਂਦਰ ਦੀਆਂ ਏਜੰਸੀਆਂ ਰਾਜਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਸਾਈਬਰ ਠੱਗਾਂ ਖਿਲਾਫ ਕਾਰਵਾਈ ਕਰਨ ਅਤੇ ਹੋ ਰਹੀਆਂ ਠੱਗੀਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਇਹਨਾਂ ਸ਼ਾਤਿਰ ਕਿਸਮ ਦੇ ਠੱਗਾਂ ਨੂੰ ਕਾਬੂ ਕਰਨ ਦਾ ਕੋਈ ਇੰਤਜਾਮ ਨਹੀਂ ਹੈ।