ਜਲੰਧਰ (13-4-2023): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਵੀਰਵਾਰ ਨੂੰ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਜਿਮਨੀ ਚੋਣਾਂ, ਕੋਵਿਡ-19 ਅਤੇ ਐਮਰਜੈਂਸੀ ਸਿਹਤ ਸੇਵਾਵਾਂ ਸੰਬੰਧੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਆਮ ਆਦਮੀ ਕਲੀਨਿਕ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਸਮੂਹ ਐਸ.ਐਮ.ਓਜ਼ ਨੂੰ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ।

          ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਐਮਰਜੈਂਸੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਦੁਰਸਤ ਰੱਖੀਆਂ ਜਾਣ। ਸਿਹਤ ਸੰਸਥਾਵਾਂ ਵਿੱਚ ਸਾਫ਼-ਸਫਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਹਿੱਤ ਸਿਹਤ ਸਟਾਫ਼ ਵੱਲੋਂ ਆਪਣੀ ਡਿਊਟੀ ਪੂਰੀ ਨਿਸ਼ਠਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਦਾ ਯੋਗ ਵਿਧੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ਼ ਨੂੰ ਸਮਾਂ ਰਹਿੰਦੀਆਂ ਹੀ ਇਸ ਸੰਬੰਧੀ ਸਿੱਖਿਅਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਸਿਹਤ ਸੇਵਾਵਾਂ ਦਾ ਲਾਭ ਲੈਣ ਆ ਰਹੇ ਆਮ ਲੋਕਾਂ ਨਾਲ ਨਰਮੀ ਭਰਿਆ ਵਤੀਰਾ ਰੱਖਿਆ ਜਾਵੇ।

 ਡਾ. ਰਮਨ ਸ਼ਰਮਾ ਵੱਲੋਂ ਜਿਮਨੀ ਚੋਣਾਂ ਦੌਰਾਨ ਮੈਡੀਕਲ ਟੀਮਾਂ ਦੀ ਤੈਨਾਤੀ ਕਰਨ ਅਤੇ ਕੋਵਿਡ-19 ਸੰਬੰਧੀ ਸਿਹਤ ਵਿਭਾਗ ਵੱਲ਼ੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਲਈ ਕਿਹਾ ਗਿਆ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਦੀ ਸਥਿਤੀ ਤੇ ਕਾਬੂ ਪਾਉਣ ਲਈ ਸੈਂਪਲਿੰਗ ਨੂੰ ਵਧਾਇਆ ਜਾਵੇ ਅਤੇ ਪੋਜਿਟਿਵ ਕੇਸ ਆਉਣ ਤੇ ਉਸਦਾ ਫੋਲੋਅਪ ਕੀਤਾ ਜਾਵੇ। ਸਿਵਲ ਸਰਜਨ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸੁਪਰਵਿਜ਼ਨ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਸਹਾਇਕ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਹਾਇਕ ਸਿਹਤ ਅਫ਼ਸਰ ਡਾ. ਸਤਜੀਤ ਕੌਰ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਅਤੇ ਸਮੂਹ ਸਿਹਤ ਸਟਾਫ਼ ਮੌਜੂਦ ਸਨ