ਜਲੰਧਰ 13 ਜੂਨ (ਨਿਤਿਨ ਕੌੜਾ )- ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂ ਸਾਥੀ ਮਦਨ ਗੋਪਾਲ ਦੀ ਚੌਥੀ ਬਰਸੀ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਈ ਗਈ।ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਸੀਨੀਅਰ ਮੈਂਬਰ ਭੈਣ ਜੀ ਸੁਰਿੰਦਰ ਕੁਮਾਰੀ ਕੋਛੜ, ਅਮਰਜੀਤ ਵੇਰਕਾ,ਹੰਸ ਰਾਜ ਪੱਬਵਾਂ, ਮਨਜੀਤ ਸੂਰਜਾ ਨੇ ਕੀਤੀ।
ਇਸ ਮੌਕੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਸਮੀਤ ਸਿੰਘ ਐੱਮ.ਬੀ.ਬੀ.ਐਸ.,ਐੱਮ.ਡੀ.,ਐੱਸ.ਪੀ.ਐੱਮ.ਨੇ ”ਸਰਕਾਰ,ਕਰੋਨਾ ਅਤੇ ਲੋਕ ਮਸਲਿਆਂ” ਵਿਸ਼ੇ ਤੇ ਬੋਲਦਿਆਂ ਕਿਹਾ ਕਿ ਕਰੋਨਾ ਵਾਇਰਸ ਇਸ ਪੂੰਜੀਵਾਦੀ ਸਿਸਟਮ ਦੀ ਦੇਣ ਹੈ। ਕਾਰਪੋਰੇਟ ਘਰਾਣਿਆਂ ਨੇ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਲਈ ਜੰਗਲਾਂ ਦਾ ਉਜਾੜਾ ਕੀਤਾ ਤੇ ਕਈ ਜੰਗਲੀ ਜੀਵ ਮਨੁੱਖਾਂ ਦੇ ਸੰਪਰਕ ਵਿੱਚ ਆਏ। ਜਿਨਾਂ ਤੋਂ ਅਜਿਹੇ ਵਾਇਰਸ ਫੈਲਦੇ ਹਨ। ਦੂਸਰੇ ਪਾਸੇ ਇਸ ਲੁਟੇਰੇ ਸਿਸਟਮ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੈ। ਸਿਹਤ ਢਾਂਚਾ ਇੰਨਾ ਕਮਜ਼ੋਰ ਕਰਤਾ ਕਿ ਉਹ ਅਜਿਹੇ ਵਾਇਰਸ ਦਾ ਸਾਹਮਣਾ ਕਰਨ ਤੇ ਪੁਖਤਾ ਪ੍ਰਬੰਧ ਕਰਨ ਵਿੱਚ ਨਾਕਾਮਯਾਬ ਰਿਹਾ ਹੈ ਅਤੇ ਲੋਕਾਂ ਨੂੰ ਮੌਤ ਦੇ ਮੂੰਹ ਸੁੱਟ ਦਿੱਤਾ। ਮੋਦੀ ਸਰਕਾਰ ਇਸ ਉੱਤੇ ਵਿਗਿਆਨਕ ਢੰਗ ਨਾਲ ਕੰਮ ਕਰਨ ਦੀ ਬਜਾਏ ਅੰਧ-ਵਿਸ਼ਵਾਸੀ ਵਰਤਾਰੇ ਨੂੰ ਬੜਾਵਾ ਦੇ ਕੇ ਅਸਲ ਹਕੀਕਤ ਤੋਂ ਭੱਜਦੀ ਰਹੀ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਚ ਫਾਸ਼ੀਵਾਦੀ ਮੋਦੀ ਸਰਕਾਰ ਦੇ ਰਾਜ ਚ ਲੋਕ ਇਲਾਜ ਦੁਖੋਂ , ਆਕਸੀਜਨ ਦੀ ਘਾਟ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਹਨ, ਕਿਸਾਨ ਮਜ਼ਦੂਰ ਲੋਕ ਵਿਰੋਧੀ ਕਾਨੂੰਨਾਂ ਕਾਰਨ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਹਨ, ਸਕੂਲ ਕਾਲਜ ਬੰਦ ਹੋਣ ਕਾਰਨ ਬੱਚਿਆਂ ਦਾ ਬੌਧਿਕ ਵਿਕਾਸ ਵੀ ਹਨੇਰੇ ਚ ਰੁਲ ਰਿਹਾ ਹੈ। ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਦੇਸ਼ ਦੀ ਇਸ ਤ੍ਰਾਸਦੀ ਲਈ ਮੋਦੀ ਸਰਕਾਰ ਜਿੰਮੇਵਾਰ ਹੈ। ਇਨ੍ਹਾਂ ਹਲਾਤਾਂ ਵਿੱਚ ਕਾਮਰੇਡ ਮਦਨ ਗੋਪਾਲ ਵਰਗੇ ਪ੍ਰਪੱਕ ਆਗੂ ਦਾ ਮੈਦਾਨ ਵਿੱਚ ਨਾ ਹੋਣ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਉਨਾਂ ਦੇ ਵਿਚਾਰ, ਸ਼ੰਘਰਸ਼ਮਈ ਜ਼ਿੰਦਗੀ ਦੇ ਪ੍ਰੇਰਨਾ ਦਾ ਹਮੇਸ਼ਾ ਸਰੋਤ ਰਹੇਗੀ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਤੇ ਪ੍ਰਭਦਿਆਲ ਰਾਮਪੁਰ ਲੱਲੀਆਂ,ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ, ਅਮਰਜੀਤ ਵੇਰਕਾ, ਮਨਜੀਤ ਸੂਰਜਾ, ਤਰਸੇਮ ਪੀਟਰ,ਹੰਸ ਰਾਜ ਪੱਬਵਾਂ, ਮੰਗਲਜੀਤ ਪੰਡੋਰੀ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਮੱਖਣ ਸਿੰਘ ਕੰਦੋਲਾ,ਸੁਰਜੀਤ ਸਿੰਘ ਸਮਰਾ,ਮੇਜਰ ਸਿੰਘ ਫਿਲੌਰ, ਕਾਮਰੇਡ ਮਦਨ ਗੋਪਾਲ ਦੇ ਛੋਟੇ ਭਰਾ ਸ਼ਿੰਦਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਭੋਗਲ,ਬੀ.ਸੀ.ਸੁਰੀਲਾ,ਡਾਕਟਰ ਸੁਖਦੇਵ ਗੁਰੂ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਨਿਭਾਏ।