ਫਗਵਾੜਾ 21 ਅਕਤੂਬਰ (ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸਥਾਨਕ ਵਾਰਡ ਨੰਬਰ 37 ਵਿਖੇ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਦੀ ਅਗਵਾਈ ਹੇਠ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਰਸੋਈ ਦੇ ਕੂੜੇ ਤੋਂ ਕੰਮਪੋਸਟ (ਆਰਗੈਨਿਕ) ਖਾਦ ਬਨਾਉਣ ਦੀ ਵਿਧੀ ਬਾਰੇ ਟ੍ਰੇਨਿੰਗ ਦੇਣ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸਦੀ ਪ੍ਰਧਾਨਗੀ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਧੀਰਜ ਸਿੰਘ ਸੱਗੂ ਨੇ ਕੀਤੀ। ਇਸ ਮੌਕੇ ਨਗਰ ਨਿਗਮ ਫਗਵਾੜਾ ਦੇ ਕਮੀਸ਼ਨਰ ਰਾਜੀਵ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਸੈਨੇਟਰੀ ਇੰਸਪੈਕਟਰ ਅਜਮੇਰ ਸਿੰਘ ਅਤੇ ਬੂਟਾ ਸਿੰਘ ਫੈਸਿਲੀਟੇਟਰ ਵਲੋਂ ਸਵੱਛ ਭਾਰਤ ਮੁਹਿਮ ਤਹਿਤ ਖਾਦ ਬਨਾਉਣ ਦੀ ਟਰੇਨਿੰਗ ਦਿੰਦਿਆਂ ਦੱਸਿਆ ਕਿ ਜਿਹਨਾਂ ਘਰਾਂ ਵਿਚ ਖੁੱਲੇ ਥਾਂ ਦੀ ਘਾਟ ਹੈ ਉਹ ਗਿੱਲਾ ਕੂੜਾ ਘੜੇ ਵਿਚ ਪਾ ਕੇ ਰੱਖ ਸਕਦੇ ਹਨ ਜੋ ਕਿ ਕਰੀਬ ਦੋ ਮਹੀਨੇ ਵਿਚ ਖਾਦ ਦਾ ਰੂਪ ਲੈ ਲੈਂਦਾ ਹੈ ਜਿਸ ਦੀ ਵਰਤੋਂ ਘਰ ਦੀਆਂ ਕਿਆਰੀਆਂ ਅਤੇ ਗਾਰਡਨ ਜਾਂ ਗਮਲਿਆਂ ‘ਚ ਲਾਏ ਬੂਟਿਆਂ ਲਈ ਕਰ ਸਕਦੇ ਹਾਂ। ਉਹਨਾਂ ਔਰਤਾਂ ਨੂੰ ਪਰੈਕਟੀਕਲ ਕਰਕੇ ਵੀ ਦਿਖਾਇਆ। ਉਹਨਾਂ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਕਪੜੇ ਦੇ ਥੈਲਿਆਂ ਨੂੰ ਪ੍ਰਯੋਗ ਵਿਚ ਲਿਆਉਣ ਲਈ ਵੀ ਪ੍ਰੇਰਿਆ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਵਾਰਡ ਦੇ ਵਸਨੀਕ ਪਹਿਲਾਂ ਹੀ ਇਸ ਪ੍ਰਤੀ ਸਚੇਤ ਹਨ ਅਤੇ ਉਹ ਖੁਦ ਹਰ ਮਹੀਨੇ ਸਵੱਛ ਭਾਰਤ ਮੁਹਿਮ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਦੀ ਮੱਦਦ ਨਾਲ ਵਾਰਡ ਦੀ ਸਫਾਈ ਕਰਵਾਉਂਦੇ ਹਨ। ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ, ਸਕੱਤਰ ਸੁਰਿੰਦਰ ਪਾਲ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਵਿਸ਼ਵਾਮਿੱਤਰ ਸ਼ਰਮਾ, ਫਕੀਰ ਸਿੰਘ ਭਮਰਾ, ਰਾਮ ਲੁਭਾਇਆ ਅਤੇ ਬਲਦੇਵ ਸ਼ਰਮਾ ਆਦਿ ਹਾਜਰ ਸਨ।