ਫਗਵਾੜਾ 13 ਮਈ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 5 ਵਿਖੇ ਸੀਨੀਅਰ ਕਾਂਗਰਸੀ ਆਗੂ ਧੀਰਜ ਘਈ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਦੀਪਮਾਲਾ ਘਈ ਸਮਾਜ ਸੇਵਿਕਾ ਦੇ ਉਪਰਾਲੇ ਸਦਕਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ ਤਹਿਤ ਕਾਰਪੋਰੇਸ਼ਨ ਫਗਵਾੜਾ ਵਲੋਂ ਵਾਰਡ ਅਧੀਨ ਕਰਵਲਾਂ ਮੁਹੱਲਾ, ਪਲਾਹੀ ਗੇਟ ਅਤੇ ਜਗਤ ਰਾਮ ਸੂੰਢ ਕਲੋਨੀ, ਹੁਸ਼ਿਆਰਪੁਰ ਰੋਡ ਵਿਖੇ ਨਵੀਂਆਂ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਧੀਰਜ ਘਈ ਅਤੇ ਦੀਪਮਾਲਾ ਘਈ ਨੇ ਦੱਸਿਆ ਕਿ ਵਾਰਡ ਦੀਆਂ ਕਾਫੀ ਸਾਰੀਆਂ ਸਟ੍ਰੀਟ ਲਾਈਟਾਂ ਖਰਾਬ ਸਨ ਜਿਸ ਕਰਕੇ ਇੱਥੋਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਰਾਤ ਸਮੇਂ ਹਨੇ੍ਹਰੇ ਵਿਚ ਅਣਸੁਖਾਵੀਂ ਵਾਰਦਾਤ ਹੋਣ ਦਾ ਖਤਰਾ ਵੀ ਬਰਕਰਾਰ ਸੀ। ਜਿਸ ਨੂੰ ਦੇਖਦੇ ਹੋਏ ਵਿਧਾਇਕ ਧਾਲੀਵਾਲ ਦੇ ਸਹਿਯੋਗ ਨਾਲ ਵਾਰਡ ਵਿਚ 110 ਨਵੀਂਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਹਨਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਦੇ ਸਾਰੇ ਅਧੂਰੇ ਕੰਮ ਵਾਰੋ ਵਾਰੀ ਪੂਰੇ ਕਰਵਾਏ ਜਾਣਗੇ। ਇਸ ਮੌਕੇ ਵਾਰਡ ਦੇ ਸਮੂਹ ਵਸਨੀਕਾਂ ਵਿਚ ਨਵੀਆਂ ਸਟਰੀਟ ਲਾਈਟਾਂ ਨਾਲ ਜਗਮਗ ਹੋਈਆਂ ਗਲੀਆਂ ਤੇ ਸੜਕਾਂ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਵਾਰਡ ਵਾਸੀਆਂ ਨੇ ਵੀ ਘਈ ਪਰਿਵਾਰ ਅਤੇ ਵਿਧਾਇਕ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਕਲੂਚਾ, ਚਮਨ ਲਾਲ ਟੇਲਰ, ਸੁਰਜੀਤ ਕਲੂਚਾ, ਇੰਦਰਜੀਤ ਕਲੂਚਾ, ਯਸ਼ਪਾਲ ਛਾਬੜਾ ਤੋਂ ਇਲਾਵਾ ਵਾਰਡ ਦੇ ਪਤਵੰਤੇ ਵੀ ਹਾਜਰ ਸਨ।