ਫਗਵਾੜਾ 18 ਅਗਸਤ (ਸ਼ਿਵ ਕੋੜਾ) ਪੁਨਰਜੋਤ ਆਈ ਬੈਂਕ ਲੁਧਿਆਣਾ ਵੱਲੋਂ ਸਾਈਟ ਸੇਵਰ ਚੈਰੀਟੇਬਲ ਸੁਸਾਇਟੀ ਫਗਵਾੜਾ ਦੇ ਸਹਿਯੋਗ ਨਾਲ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਨੂੰ ਸਮਰਪਿਤ ਰਾਜ ਪੱਧਰੀ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਪੁਨਰਜੋਤ ਦੇ ਅੰਤਰ ਰਾਸ਼ਟਰੀ ਕੋ-ਆਰਡੀਨੇਟਰ ਅਸ਼ੋਕ ਮਹਿਰਾ ਅਤੇ ਸਾਈਟ ਸੇਵਰ ਦੇ ਕੋ-ਆਰਡੀਨੇਟਰ ਡਾਕਟਰ ਸੀਮਾ ਰਾਜਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਰਾਸ਼ਟਰੀ ਪੰਦਰਵਾੜੇ ਮੌਕੇ ਕੋਵਿਡ-19 ਕੋਰੋਨਾ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਸੈਮੀਨਾਰ ਅਤੇ ਰੈਲੀਆਂ ਦੀ ਬਜਾਏ ਅੱਖਾਂ ਦਾਨ ਦੀ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਲਈ ਸਕੂਲੀ ਬੱਚਿਆਂ ਦੇ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਸ ਮੁਕਾਬਲੇ ਲਈ ਦੋ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ। ਪਹਿਲਾ ‘ਅੱਖਾਂ ਦਾਨ-ਮਹਾਂ ਦਾਨ’ ਅਤੇ ਦੂਸਰਾ ਵਿਸ਼ਾ ‘ਤੰਦਰੁਸਤ ਅੱਖਾਂ’ ਹਨ। ਭਾਗ ਲੈਣ ਲਈ ਉਮਰ 10 ਤੋਂ 15 ਸਾਲ ਹੈ। ਇੱਕ ਵਿਦਿਆਰਥੀ ਇੱਕ ਵਿਸ਼ੇ ਵਿੱਚ ਭਾਗ ਲੈ ਸਕਦਾ ਹੈ। ਮੁਕਾਬਲੇ ਵਿੱਚ ਭਾਗ ਲੈਣ ਲਈ 2 ਮਿੰਟ ਦੀ ਆਪਣੀ ਇੱਕ ਵੀਡਿਓ ਬਣਾ ਕੇ ਸੰਸਥਾ ਨੂੰ ਆਪਣੇ ਜਨਮ ਪ੍ਰਮਾਣ ਪੱਤਰ ਅਤੇ ਇੱਕ ਫੋਟੋ ਦੇ ਨਾਲ 9781705750 ਅਤੇ 8146533616 ਨੰਬਰਾਂ ਤੇ ਵਾਟਸਐਪ ਰਾਂਹੀ 5 ਸਤੰਬਰ ਤੋਂ ਪਹਿਲਾਂ ਭੇਜੀਆਂ ਜਾ ਸਕਦੀਆਂ ਹਨ। ਨਤੀਜਾ 7 ਸਤੰਬਰ ਨੂੰ ਸੰਸਥਾਵਾਂ ਦੇ ਫੇਸਬੁੱਕ ਪੇਜ ਉਪਰ ਐਲਾਨਿਆ ਜਾਵੇਗਾ। ਅਸ਼ੋਕ ਮਹਿਰਾ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂਆਂ ਨੂੰ ਪਹਿਲਾਂ ਇਨਾਮ ਪੰਜ ਹਜਾਰ ਰੁਪਏ, ਦੂਸਰਾ ਇਨਾਮ ਤਿੰਨ ਹਜਾਰ ਰੁਪਏਅਤੇ ਤੀਸਰਾ ਇਨਾਮ ਦੋ ਹਜਾਰ ਰੁਪਏ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਅਤੇ ਲੇਸਿਕ ਸੈਂਟਰ ਹਸਪਤਾਲ ਲੁਧਿਆਣਾ ਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵੱਲੋਂ ਦਿੱਤੇ ਜਾਣਗੇ। ਡਾਕਟਰ ਸੀਮਾ ਰਾਜਨ ਨੇ ਦੱਸਿਆ ਕਿ ਸਕੂਲੀ ਬੱਚਿਆਂ ਲਈ ਘਰ ਬੈਠਿਆਂ ਹੀ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ ਹੈ। ਬੱਚੇ ਅੱਖਾਂ ਦਾਨ–ਮਹਾਂ ਦਾਨ ਅਤੇ ਅੱਖਾਂ ਦੀ ਸੰਭਾਲ ਤੇ ਤੰਦਰੁਸਤੀ ਬਾਰੇ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾ ਕੇ ਸਮਾਜ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਮੁਕਾਬਲਾ ਸਿਰਫ ਪੰਜਾਬ ਦੇ ਵਿਦਿਆਰਥੀਆਂ ਲਈ ਹੈ ਅਤੇ ਇਸ ਵਿੱਚ ਭਾਗ ਲੈਣ ਲਈ ਤੁਸੀਂ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਕਿਸੇ ਵੀ ਭਾਸ਼ਾ ਵਿੱਚ ਭਾਸ਼ਣ ਦੀ ਦੋ ਮਿੰਟ ਦੀ ਵੀਡਿਓ ਵਾਟਸਐਪ ਨੰਬਰਾਂ ਤੇ ਭੇਜ ਸਕਦੇ ਹੋ