ਜਲੰਧਰ, 15 ਸਤੰਬਰ
ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਕੁਸ਼ਲ ਪ੍ਰਬੰਧਨ ਵਰਗੇ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ । ਇਹ ਪ੍ਰਗਟਾਵਾ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਬੁੱਧਵਾਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜੰਗ-ਏ-ਆਜ਼ਾਦੀ ਮੈਮੋਰੀਅਲ, ਕਰਤਾਰਪੁਰ ਤੋਂ ਖਟਕੜ ਕਲਾਂ ਮੈਮੋਰੀਅਲ ਐਸ.ਬੀ.ਐਸ. ਨਗਰ ਤੱਕ ‘ਸੱਤਿਆਗ੍ਰਹਿ ਸੇ ਸਵੱਛਗ੍ਰਹਿ’ ਰੱਥ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਕੀਤਾ ।
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਅਭਿਆਨ ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਹ ਰੱਥ ਯਾਤਰਾ ਇਸ ਸਥਾਨ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦੀ ਇਤਿਹਾਸਕ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇਹ ਰੱਥ ਯਾਤਰਾ ਪੇਂਡੂ ਭਾਈਚਾਰਿਆਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਸਾਬਤ ਹੋਵੇਗੀ।
ਉਨ੍ਹਾਂ ਇਸ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਪ੍ਰਨੀਤ ਸ਼ੇਰਗਿੱਲ, ਵਧੀਕ ਸਕੱਤਰ-ਕਮ-ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ), ਕਰਨਜੀਤ ਸਿੰਘ, ਸੰਯੁਕਤ ਡਾਇਰੈਕਟਰ, ਐਸ.ਬੀ.ਐਮ. (ਜੀ), ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕੁਲਦੀਪ ਸਿੰਘ ਸੈਣੀ, ਚੀਫ਼ ਇੰਜੀਨੀਅਰ (ਉੱਤਰੀ),ਆਰ. ਕੇ. ਸ਼ਰਮਾ, ਸਟੇਟ ਕੋਆਰਡੀਨੇਟਰ, ਐਸ.ਬੀ.ਐਮ.(ਜੀ), ਐਸ. ਡੀ. ਐਮ. ਬਲਬੀਰ ਰਾਜ ਸਿੰਘ ਅਤੇ ਐਨ.ਪੀ. ਸਿੰਘ, ਸੁਪਰੀਟੈਂਡਿੰਗ ਇੰਜੀਨੀਅਰ (ਜਲੰਧਰ) ਮੌਜੂਦ ਸਨ।
ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਕੀਤੀ ਗਈ ਰੱਥ ਯਾਤਰਾ 100 ਦਿਨਾਂ ਮੁਹਿੰਮ ਦਾ ਹਿੱਸਾ ਹੈ ਅਤੇ ਇਸ ਵੱਲੋਂ ਮੁੱਖ ਤੌਰ ‘ਤੇ ਤਿੰਨ ਜ਼ਿਲ੍ਹਿਆਂ ਜਲੰਧਰ, ਕਪੂਰਥਲਾ ਅਤੇ ਐਸਬੀਐਸ ਨਗਰ ਦੇ ਲਗਭਗ 80-100 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਰੱਥ ਯਾਤਰਾ ਦਾ ਉਦੇਸ਼ ਵੱਖ-ਵੱਖ ਹਿੱਸਿਆਂ ਅਤੇ ਐਸਬੀਐਮ ਫੇਜ਼ 2 ਬਾਰੇ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ -ਖੂੰਹਦ ਪ੍ਰਬੰਧਨ ਪ੍ਰਾਜੈਕਟਾਂ ਨੂੰ ਲੈ ਕੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਅਤੇ ਇਸ ਦੀ ਸਰਬੋਤਮ ਵਰਤੋਂ ਬਾਰੇ ਸੇਧ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਮੁੱਖ ਇੰਜੀਨੀਅਰ ਕੁਲਦੀਪ ਸਿੰਘ ਸੈਣੀ ਨੇ ਹਾਜ਼ਰੀਨ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਅਭਿਆਨ ਅਤੇ ਇਸ ਪ੍ਰੋਗਰਾਮ ਅਧੀਨ ਕਰਵਾਈਆਂ ਜਾਣ ਵਾਲੀਆਂ ਵੱਖ -ਵੱਖ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੌਰਾਨ ਜ਼ਿਲ੍ਹਾ ਜਲੰਧਰ ਓਡੀਐਫ ਘੋਸ਼ਿਤ ਕੀਤੇ ਜਾਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਹੁਣ ਓਡੀਐਫ ਪਲੱਸ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਇਸ ਮੌਕੇ ਜਲੰਧਰ ਤੋਂ ਕਾਰਜਕਾਰੀ ਇੰਜੀਨੀਅਰ ਨਿਤਿਨ ਕਾਲੀਆ, ਹਰਿੰਦਰ ਸਿੰਘ, ਸੁਖਪਿੰਦਰ ਸਿੰਘ, ਕਪੂਰਥਲਾ ਤੋਂ ਗੁਰਪ੍ਰੀਤ ਸਿੰਘ ਸੈਣੀ, ਐਸ.ਡੀ.ਈ. ਸਰਬਜੀਤ ਸਿੰਘ ਤੇ ਗਗਨਦੀਪ ਵਾਲੀਆ, ਜੇ.ਈ. ਚਰਨਪ੍ਰੀਤ ਸਿੰਘ ਤੇ ਰੋਹਿਤ ਅਤੇ ਹੋਰ ਵੀ ਮੌਜੂਦ ਸਨ।