ਜਲੰਧਰ 16 ਮਾਰਚ 2021
ਵਿਧਾਨ ਸਭਾ ਹਲਕਾ ਜਲੰਧਰ ਕੈਂਪ ਵਿਖੇ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦਿੰਦਿਆਂ ਵਿਧਾਇਕ ਸ੍ਰ.ਪਰਗਟ ਸਿੰਘ ਵਲੋਂ ਅੱਜ ਪਿੰਡ ਖੁਸਰੋਪੁਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਪੋਰਟਸ ਪਾਰਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਬੋਲਦਿਆਂ ਸ੍ਰ.ਪਰਗਟ ਸਿੰਘ ਨੇ ਕਿਹਾ ਕਿ ਵਿਧਾਨਸਭਾ ਖੇਤਰ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਵਲੋਂ ਇਸ ਮੌਕੇ ਹਾਕੀ ਅਤੇ ਫੁੱਟਬਾਲ ਦੇ 80 ਉਭਰਦੇ ਖਿਡਾਰੀਆਂ ਵਿੱਚ 2 ਲੱਖ ਰੁਪਏ ਦੀਆਂ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ।ਜ਼ਿਕਰਯੋਗ ਹੈ ਕਿ ਵਿਧਾਇਕ ਪਰਗਟ ਸਿੰਘ ਵਲੋਂ ਬੀਤੀ ਦਿਨੀ ਪਿੰਡ ਧੀਣਾ ਅਤੇ ਸੰਸਾਰ ਪੁਰ ਵਿਖੇ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਪੋਰਟਸ ਪਾਰਕ ਅਤੇ ਖੇਡ ਸਟੇਡੀਅਮ ਵਿੱਚ ਸੁਧਾਰ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।ਪਿੰਡ ਖੁਸਰੋਪੁਰ ਵਿਖੇ ਬਣਾਈ ਜਾ ਰਹੀ ਨਵੀਂ ਸਪੋਰਟਸ ਪਾਰਕ ਵਿੱਚ ਐਥਲੈਟਿਕ ਟਰੈਕ, ਸਪਰਿੰਕਿਲ ਸਿਸਟਮ, ਚਾਰ ਦਿਵਾਰੀ, ਰੈਸਟ ਰੂਮ, ਬਾਥਰੂਮ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਤੋਂ ਇਲਾਵਾ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾਵੇਗਾ।ਖਿਡਾਰੀਆਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਦੁਹਰਾਇਆ ਕਿ ਸਾਰੇ ਉਭਰਦੇ ਖਿਡਾਰੀਆਂ ਨੂੰ ਜਰੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਅਤੇ ਭਰੋਸਾ ਦਿੱਤਾ ਜੇ ਲੋੜ ਹੋਈ ਤਾਂ ਖਿਡਾਰੀਆਂ ਨੂੰ ਹੋਰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਥਾਹ ਊਰਜਾ ਨੂੰ ਖੇਡਾਂ ਵਾਲੇ ਪਾਸੇ ਲਗਾ ਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਬੱਚਿਆਂ ਖਾਸ ਕਰਕੇ ਨੌਜਵਾਨਾਂ ਵਿਚਕਾਰ ਖੇਡ ਸਭਿਆਚਾਰ ਨੂੰ ਵਿਕਸਿਤ ਕੀਤਾ ਜਾਵੇ।ਇਸ ਮੌਕੇ ਪਿੰਡ ਵਾਸੀ ਜਸਵੰਤ ਸਿੰਘ, ਭਿੰਦਾ, ਆਸ਼ਾ ਅਤੇ ਸੰਜੀਵ ਨੇ ਵਿਧਾਇਕ ਸ੍ਰ.ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਦੀ ਅਗਵਾਈ ਵਿੱਚ ਹਲਕੇ ਵਿੱਚ ਖੇਡ ਬੁਨਿਆਦੀ ਢਾਂਚੇ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ ਅਤੇ ਇਨਾਂ ਵਲੋਂ ਵੱਖ-ਵੱਖ ਖੇਡ ਪ੍ਰ੍ਰੋਜੈਕਟ ਹਲਕੇ ਵਿੱਚ ਲਿਆਂਦੇ ਗਏ ਹਨ।