ਫਗਵਾੜਾ 28 ਜੂਨ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਨੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰਾਂ ਅਤੇ ਕੁੱਝ ਕੁ ਆਗੂਆਂ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਨੂੰ ਝੂਠ ਦਾ ਪੁਲਿੰਦਾ ਦਸਦਿਆਂ ਕਿਹਾ ਕਿ ਕਾਂਗਰਸ ਸਿਰਫ ਖੋਖਲੇ ਦਾਅਵੇ ਕਰਦੀ ਹੈ ਜਦਕਿ ਸੱਚਾਈ ਇਹ ਹੈ ਕਿ ਸ਼ਹਿਰ ਦੇ ਤਕਰੀਬਨ ਹਰ ਵਾਰਡ ਵਿਚ ਲੋਕ ਵਿਕਾਸ ਨਾ ਹੋਣ ਤੋਂ ਦੁਖੀ ਹਨ। ਕਿਸੇ ਵਾਰਡ ‘ਚ ਸੀਵਰੇਜ ਦੀ ਸਮੱਸਿਆ ਹੈ ਤੇ ਕਿਤੇ ਸਟਰੀਟ ਲਾਈਟਾਂ ਨਾ ਹੋਣ ਨਾਲ ਲੋਕ ਪਰੇਸ਼ਾਨ ਹਨ। ਕਈ ਵਾਰਡਾਂ ਵਿਚ ਅਧੂਰੀਆਂ ਗਲੀਆਂ, ਸੜਕਾਂ ਆਮ ਦੇਖੀਆਂ ਜਾ ਸਕਦੀਆਂ ਹਨ। ਦੂਸਰੇ ਪਾਸੇ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ‘ਚ ਬਣੀਆਂ ਬਣਾਈਆਂ ਸੜਕਾਂ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ। ਪਰ ਇਸ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਸਟੇਟ ਵਿਚ ਆਪਸੀ ਫੁਟ ਦਾ ਸ਼ਿਕਾਰ ਹੈ ਉੱਥੇ ਹੀ ਫਗਵਾੜਾ ਸ਼ਹਿਰ ‘ਚ ਖੇਰੂ-ਖੇਰੂ ਹੋਣ ਦੇ ਕੰਡੇ ਖੜੀ ਹੈ। ਜਿਸ ਪਾਰਟੀ ਤੋਂ ਆਪਣੇ ਲੀਡਰ ਨਹੀਂ ਸੰਭਾਲੇ ਜਾਂਦੇ ਉਹ ਸ਼ਹਿਰ ਦਾ ਭਲਾ ਕੀ ਵਿਕਾਸ ਕਰਵਾਏਗੀ। ਵਿਸ਼ਾਲ ਵਾਲੀਆ ਨੇ ਕਿਹਾ ਕਿ ਪਹਿਲਾਂ ਲੋਕ ਭਾਜਪਾ ਦੇ ਐਮ.ਐਲ.ਏ. ਤੋਂ ਹਤਾਸ਼ ਸੀ ਅਤੇ ਕਾਂਗਰਸ ਤੇ ਯਕੀਨ ਕਰਕੇ ਵੋਟਾਂ ਪਾਈਆਂ ਪਰ ਹੁਣ ਕਾਂਗਰਸੀ ਵਿਧਾਇਕ ਤੋਂ ਵੀ ਨਿਰਾਸ਼ ਹੋ ਚੁੱਕੇ ਹਨ। ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਕਾਰਪੋਰੇਸ਼ਨ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਦੀ ਵਜਾਰਤ ਬਣੇਗੀ ਤੇ ਅਗਲੇ ਸਾਲ ਵਿਧਾਨਸਭਾ ਚੋਣਾਂ ਸਮੇਂ ਪੂਰੇ ਪੰਜਾਬ ਸਮੇਤ ਫਗਵਾੜਾ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਆਪਣਾ ਵਿਧਾਇਕ ਚੁਣਨਗੇ ਅਤੇ ਸ਼ਹਿਰ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ।