ਜਲੰਧਰ: ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਦੇ ਮੁਖੀ ਪ੍ਰੋ. ਸੰਤੋਖ ਸਿੰਘ 23 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਗਣਿਤ ਵਿਭਾਗ ਦੇ ਅਧਿਆਪਕਾਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਜੀ ਆਇਆ ਕਿਹਾ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪ੍ਰੋ. ਸੰਤੋਖ ਸਿੰਘ ਦੁਆਰਾ ਕਾਲਜ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਲੰਮੀ ਉਮਰ, ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਦਸਿਆ ਕਿ ਪ੍ਰੋ. ਸੰਤੋਖ ਸਿੰਘ ਦਾ ਅਧਿਆਪਨ ਸਫਰ ਬਹੁਤ ਹੀ ਸ਼ਾਨਮਤੀ ਰਿਹਾ ਹੈ ਤੇ ਕਾਲਜ ਅਤੇ ਵਿਭਾਗ ਦੇ ਹਿੱਤਾਂ ਲਈ ਉਨ੍ਹਾਂ ਨੇ ਸਦਾ ਸਮਰਪਿਤ ਭਾਵਨਾ ਨਾਲ ਕੰਮ ਕਰਦਿਆਂ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਪੂਰੀ ਕੀਤੀ ਹੈ। ਪ੍ਰੋ. ਸੰਤੋਖ ਸਿੰਘ ਨੇ ਆਪਣੇ 23 ਸਾਲਾ ਅਧਿਆਪਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਸਦਾ ਲਗਨ ਅਤੇ ਮਿਹਨਤ ਨਾਲ ਹੀ ਅੱਗੇ ਵੱਧੇ ਹਨ ਅਤੇ ਇਸ ਕਾਲਜ ਦੇ ਸਟਾਫ ਵਲੋਂ ਮਿਲੇ ਪਿਆਰ ਤੇ ਸਾਥ ਨੂੰ ਉਹ ਸਾਰੀ ਜ਼ਿੰਦਗੀ ਯਾਦ ਰੱਖਣਗੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਸੇਵਾਮੁਕਤ ਹੋਏ ਅਧਿਆਪਕ ਨੂੰ ਗਰੈਚੂਟੀ ਅਤੇ ਲੀਵ ਇਨਕੇਸ਼ਮੈਂਟ ਦਾ ਚੈੱਕ ਵੀ ਦਿੱਤਾ ਗਿਆ। ਇਸ ਮੌਕੇ ਡਾ. ਹਰਜੀਤ ਸਿੰਘ, ਡਾ. ਦਿਨਕਰ ਸ਼ਰਮਾਂ, ਡਾ. ਪਲਵਿੰਦਰ ਸਿੰਘ, ਡਾ. ਨੀਤੀਕਾ ਚੁੱਘ ਆਦਿ ਆਧਿਆਪਕ ਵੀ ਹਾਜ਼ਰ ਸਨ।