ਫਗਵਾੜਾ 18 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਟਾਊਨ ਹਾਲ ਵਿਖੇ ਪਿਛਲੇ ਕਰੀਬ ਵੀਹ ਸਾਲਾਂ ਤੋਂ ਆਜਾਦੀ ਦਿਵਸ ਮਨਾਉਣ ਦੀ ਪਰੰਪਰਾ ਨੂੰ ਕੋਵਿਡ-19 ਨਾਲ ਪੈਦਾ ਹੋਏ ਮਾੜੇ ਹਾਲਾਤਾਂ ਦੇ ਬਾਵਜੂਦ ਵੀ ਜਾਰੀ ਰੱਖਿਆ ਗਿਆ। ਹਰ ਸਾਲ ਦੀ ਤਰਾ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਅੱਗੇ ਮੋਮਬੱਤੀਆਂ ਜਗਾ ਕੇ ਦੇਸ਼ ਦੀ ਆਜਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਪਟਾਖੇ ਚਲਾਏ ਗਏ। ਲੱਡੂ ਵੰਡਣ ਦੀ ਰਸਮ ਵੀ ਨਿਭਾਈ ਗਈ। ਬੇਸ਼ਕ ਇਸ ਵਾਰ ਸਕੂਲ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ ਅਤੇ ਸਮਾਗਮ ਨੂੰ ਸਿਟੀ ਕੇਬਲ ਅਤੇ ਨਵਰੰਗ ਟੀ.ਵੀ. ਦੇ ਮਾਧਿਅਮ ਨਾਲ ਆਨਲਾਈਨ ਹੀ ਰੱਖਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਇਸ ਸਮਾਗਮ ਦੇ ਕਨਵੀਨਰ ਮਲਕੀਅਤ ਸਿੰਘ ਰਘਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਫਗਵਾੜਾ ਨੇ ਦੱਸਿਆ ਕਿ ਇਸ ਵਾਰ ਸਕੂਲੀ ਵਿਦਿਆਰਥੀਆਂ ਨੇ ਆਪਣਾ ਪ੍ਰੋਗਰਾਮ ਰਿਕਾਰਡ ਕਰਕੇ ਸਿਟੀ ਕੇਬਲ ਨੂੰ ਭੇਜਿਆ ਜਿਸ ਦਾ ਨਵਰੰਗ ਟੀ.ਵੀ. ਰਾਹੀਂ ਸਕ੍ਰੀਨ ਉੱਪਰ ਟੈਲੀਕਾਸਟ ਕੀਤਾ ਗਿਆ। ਗਾਇਕ ਦੇਵੀ ਦਾਸ ਨੇ ਵੀ ਦੇਸ਼ ਭਗਤੀ ਗੀਤ ਨੂੰ ਰਿਕਾਰਡ ਕਰਕੇ ਭੇਜਿਆ ਜਿਸ ਨੂੰ ਪ੍ਰਸਾਰਿਤ ਕੀਤਾ ਗਿਆ। ਪ੍ਰੋਗਰਾਮ ਦਾ ਟੀ.ਵੀ. ਉੱਪਰ ਸੰਚਾਲਨ ਗਾਇਕਾ ਮਨਪ੍ਰੀਤ ਕੌਰ ਧਾਮੀ ਨੇ ਕੀਤਾ। ਟਾਊਨ ਹਾਲ ਨੂੰ ਹਮੇਸ਼ਾ ਦੀ ਤਰਾ ਤਿਰੰਗੇ ਝੰਡਿਆਂ ਨਾਲ ਸਜਾਇਆ ਗਿਆ ਸੀ ਅਤੇ ਲਾਈਟਿੰਗ ਕੀਤੀ ਗਈ ਸੀ। ਉਹਨਾਂ ਸਹਿਯੋਗ ਦੇਣ ਲਈ ਨਵਰੰਗ ਟੀ.ਵੀ. ਦੇ ਡਾਇਰੈਕਟਰ ਐਚਾ .ਐਸ. ਬਸਰਾ, ਸ਼ੰਕਰ ਧੀਰ, ਅਨਿਲ ਗੁਪਤਾ ਅਤੇ ਮੋਹਨ ਲਾਲ ਤਨੇਜਾ ਦਾ ਤਹਿ ਦਿਲੋਂ ਧੰਨਵਾਦ ਕੀਤਾ।