
ਜਲੰਧਰ (7-7-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਵੈਕਸੀਨ ਪ੍ਰੀਵੈਂਟੇਬਲ ਡਿਜੀਜ਼ ਦੇ ਸਰਵਿਲੈਂਸ ਸੰਬੰਧੀ ਸਿਵਲ ਹਸਪਤਾਲ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਡਾ. ਰਮਨ ਸ਼ਰਮਾ ਵੱਲੋਂ ਉਨ੍ਹਾਂ ਦੇ ਕੰਮ-ਕਾਜ ਦੀ ਸਮੀਖਿਆ ਕੀਤੀ ਗਈ ਅਤੇ ਸਖਤ ਹਦਾਇਤ ਦਿੱਤੀ ਗਈ ਕਿ ਬੱਚਿਆਂ ਵਿੱਚ ਖਸਰਾ, ਕਾਲੀ ਖਾਂਸੀ, ਗਲਘੋਟੂ, ਪੋਲੀਓ ਅਤੇ ਨੀਯੋਨੇਟਲ ਟੈਟਨਸ ਵਰਗੀਆਂ ਬਿਮਾਰੀਆਂ ਨਾਲ ਸੰਬੰਧਤ ਕੇਸ ਆਉਣ ‘ਤੇ ਸੈਂਪਲ ਲੈ ਕੇ ਤੁਰੰਤ ਪੀ.ਜੀ.ਆਈ. ਭੇਜੇ ਜਾਣ ਤਾਂ ਜੋ ਇਨ੍ਹਾਂ ਬਿਮਾਰੀਆਂ ਨਾਲ ਸੰਬੰਧਤ ਖੇਤਰਾਂ ਵਿੱਚ ਸਰਵੇ ਕਰਵਾ ਕੇ ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕੀਆਂ ਜਾ ਸਕੇ ਅਤੇ ਬੱਚਿਆਂ ਨੂੰ ਇਨ੍ਹਾਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸਰਵਿਲਾਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ ਵੱਲੋਂ ਵੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੌਪੜਾ, ਡੀ.ਡੀ.ਐਚ.ਓ. ਡਾ. ਬਲਜੀਤ ਕੌਰ ਰੂਬੀ ਅਤੇ ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ ਮੌਜੂਦ ਸਨ।