ਜਲੰਧਰ, 13 ਦਸੰਬਰ
ਸ਼ਹਿਰ ਦੇ ਸਭ ਤੋਂ ਵਿਅਸਤ ਟ੍ਰੈਫਿਕ ਜੰਕਸ਼ਨ ਭਾਵ ਪੀਏਪੀ ਚੌਕ ਵਿੱਚ ਇਕ ਨਵੇਂ ਤਿੰਨ-ਮਾਰਗੀ ਰੇਲਵੇ ਓਵਰਬ੍ਰਿਜ (ਆਰਓਬੀ) ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋ ਜਾਵੇਗੀ, ਜਿਸ ਸਬੰਧੀ 22 ਦਸੰਬਰ ਨੂੰ ਟੈਂਡਰ ਖੁੱਲ੍ਹਣ ਜਾ ਰਿਹਾ ਹੈ । ਨਿਰਮਾਣ ਸ਼ੁਰੂ ਹੋਣ ਦੇ 6 ਮਹੀਨਿਆਂ ਦੇ ਅੰਦਰ ਇਸ ਪ੍ਰਾਜੈਕਟ ਦੇ ਪੂਰਾ ਹੋਣ ਦੀ ਉਮੀਦ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 30 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਨਵਾਂ ਫਲਾਈਓਵਰ ਇਸ ਵਿਅਸਤ ਜੰਕਸ਼ਨ ‘ਤੇ ਨਿਰਵਿਘਨ ਟ੍ਰੈਫਿਕ ਪ੍ਰਵਾਹ ਨੂੰ ਯਕੀਨੀ ਬਣਾਏਗਾ, ਜਿੱਥੇ ਹਰ ਰੋਜ਼ ਕਈ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਆਵਾਜਾਈ ਇਕੱਠੀ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਟੈਂਡਰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਜਾਰੀ ਕੀਤਾ ਸੀ, ਜੋ ਕਿ 22 ਦਸੰਬਰ, 2020 ਨੂੰ ਖੁੱਲ੍ਹਣ ਜਾ ਰਿਹਾ ਹੈ।
ਥੋਰੀ ਨੇ ਦੱਸਿਆ ਕਿ ਇਸ ਵੇਲੇ ਪੀਏਪੀ ਚੌਕ ਵਿਖੇ ਦੋ-ਦੋ ਮਾਰਗੀ ਆਰਓਬੀ ਹਨ ਅਤੇ ਇਹ ਤਿੰਨ ਮਾਰਗੀ ਸਮਰੱਥਾ ਵਾਲਾ ਤੀਜਾ ਫਲਾਈਓਵਰ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਤੋਂ ਇਲਾਵਾ ਸੈਂਕੜੇ ਯਾਤਰੀਆਂ ਨੂੰ ਬੀਐਸਐਫ ਚੌਕ ਤੋਂ ਅੰਮ੍ਰਿਤਸਰ ਰੋਡ ਤੱਕ ਸਿੱਧੀ ਪਹੁੰਚ ਦੀ ਸਹੂਲਤ ਮਿਲੇਗੀ। ਮੌਜੂਦਾ ਸਮੇਂ ਯਾਤਰੀਆਂ ਨੂੰ ਪਹਿਲਾਂ ਰਾਮਾਂ ਮੰਡੀ ਚੌਕ ਵੱਲ ਜਾਂਦੇ ਹੋਏ ਲਗਭਗ 1.5 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ ਅਤੇ ਫਿਰ ਅੰਮ੍ਰਿਤਸਰ ਸੜਕ ਲਈ ਯੂ-ਟਰਨ ਲੈਣਾ ਪੈਂਦਾ ਹੈ।
ਪ੍ਰਾਜੈਕਟ ਵਿਚ ਨਵੇਂ ਆਰਓਬੀ ਦੇ ਨਾਲ ਦੋ ਰੈਂਪ ਸ਼ਾਮਲ ਹਨ, ਜੋ ਕਿ ਜਲੰਧਰ ਸ਼ਹਿਰ ਵਿਚ ਬਿਨਾਂ ਕਿਸੇ ਮੁਸ਼ਕਿਲ ਤੋਂ ਅੰਮ੍ਰਿਤਸਰ ਰੋਡ ਵੱਲੋਂ ਪ੍ਰਵੇਸ਼ ਅਤੇ ਨਿਕਾਸ ਨੂੰ ਯਕੀਨੀ ਬਣਾਉਣਗੇ।
ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਫਲਾਈਓਵਰ ਦਾ ਟੈਂਡਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ 22 ਦਸੰਬਰ, 2020 ਨੂੰ ਖੁੱਲ੍ਹੇਗਾ। ਕੰਮ ਸ਼ੁਰੂ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਣਾ ਹੈ । ਪ੍ਰਾਜੈਕਟ ਡਾਇਰੈਕਟਰ ਨੇ ਅੱਗੇ ਕਿਹਾ ਕਿ ਨਵਾਂ ਆਰਓਬੀ ਪ੍ਰਾਜੈਕਟ ਅਗਲੇ ਸਾਲ ਦੇ ਆਰੰਭ ਵਿੱਚ ਸ਼ੁਰੂ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੀਏਪੀ ਚੌਕ ਵਿਖੇ ਟ੍ਰੈਫਿਕ ਜੰਕਸ਼ਨ ਵਿੱਚ ਸੁਧਾਰ ਲਈ ਇਕ ਹੋਰ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ‘ਤੇ ਲਗਭਗ 7 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਪੀਏਪੀ ਚੌਕ ਵਿਖੇ ਆਉਣ ਅਤੇ ਜਾਣ ਵਾਲੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨ ਲਈ ਜੰਕਸ਼ਨ ਵਿਖੇ ਵਿਸ਼ਾਲ ਚੌਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸੁੰਦਰੀਕਰਨ ਪ੍ਰਾਜੈਕਟ ਦੇ ਇਕ ਹਿੱਸੇ ਵਜੋਂ ਚੌਕ ਵਿਚ ਵੱਖ-ਵੱਖ ਕਿਸਮਾਂ ਦੇ ਰੁੱਖ ਅਤੇ ਬੂਟੇ ਵੀ ਲਗਾਏ ਗਏ ਸਨ, ਜੋ ਇਸ ਚੌਕ ਨੂੰ ਮਨਮੋਹਕ ਦਿੱਖ ਪ੍ਰਦਾਨ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੌਕ ਹੇਠਾਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਵਿਕਸਤ ਕੀਤਾ ਜਾ ਰਿਹਾ ਹੈ, ਜੋ ਕਿ ਹਾਈਵੇ ਅਥਾਰਟੀ ਅਨੁਸਾਰ ਪੰਜਾਬ ਵਿਚ ਆਪਣੀ ਕਿਸਮ ਦਾ ਪਹਿਲਾ ਸਿਸਟਮ ਹੈ ਅਤੇ ਇਹ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਬਰਸਾਤੀ ਪਾਣੀ ਨੂੰ ਰੀਚਾਰਜ ਕਰੇਗਾ। ਡੀਸੀ ਨੇ ਅੱਗੇ ਦੱਸਿਆ ਕਿ ਨਵੇਂ ਡਰੇਨੇਜ ਸਿਸਟਮ ਅਤੇ ਸਰਵਿਸ ਲੇਨਜ਼ ਦਾ ਨਿਰਮਾਣ ਵੀ ਇਸ ਜੰਕਸ਼ਨ ਸੁਧਾਰ ਪ੍ਰਾਜੈਕਟ ਦਾ ਇਕ ਹਿੱਸਾ ਹੈ।